ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਮਈ
ਸੀਐੱਮਸੀ ’ਚ ਇੰਟਰਨਸ਼ਿਪ ਕਰ ਰਹੇ ਐਮ.ਬੀ.ਬੀ.ਐਸ ਡਾਕਟਰਾਂ ਨੇ ਆਪਣੇ ਮਾਣ ਭੱਤੇ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਜ਼ਾਹਰ ਕੀਤਾ। ਬੀਤੇ 2 ਦਿਨ ਤੋਂ ਸਾਰੇ ਡਾਕਟਰ ਆਪਣਾ ਮਾਣ ਭੱਤਾ ਵਧਾਉਣ ਦੀ ਮੰਗ ਕਰ ਰਹੇ ਸਨ, ਪਰ ਪ੍ਰਬੰਧਕਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਡਾਕਟਰ ਸੜਕਾਂ ’ਤੇ ਬੈਨਰ ਲੈ ਕੇ ਉਤਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗਾ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਉਹ ਆਪਣਾ ਵਿਰੋਧ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ, ਪਰ ਕਰੋਨਾ ਮਹਾਂਮਾਰੀ ਦੇ ਦੌਰਾਨ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਗੇ। ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ 2016 ਐਮਬੀਬੀਐਸ ਬੈਚ ਦੇ ਵਿਦਿਆਰਥੀ ਹਨ, ਇਸ ਵੇਲੇ ਉਹ ਸੀਐਮਸੀ ’ਚ ਇੰਟਰਨਸ਼ਿਪ ਕਰ ਰਹੇ ਹਨ। ਉਨ੍ਹਾਂ ਨੂੰ ਮਾਣ ਭੱਤੇ ਦੇ ਤੌਰ ’ਤੇ 7800 ਰੁਪਏ ਮਹੀਨਾ ਮਿਲਦਾ ਹੈ ਜਦੋਂ ਕਿ ਸਰਕਾਰ ਨੇ 15 ਹਜ਼ਾਰ ਭੱਤਾ ਤੈਅ ਕੀਤਾ ਹੈ। ਕਰੋਨਾ ਮਹਾਂਮਾਰੀ ਦੌਰਾਨ ਉਹ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਮਾਣਭੱਤੇ ਨੂੰ ਲੈ ਕੇ ਉਹ ਮੈਨੇਜਮੈਂਟ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਲਈ ਸ਼ਾਂਤਮਈ ਤਰੀਕੇ ਨਾਲ ਉਹ ਆਪਣਾ ਪ੍ਰਦਰਸ਼ਨ ਕਰ ਰਹੇ ਹਨ।