ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਸਤੰਬਰ
ਨਵਾਂ ਪਿੰਡ ਕਿਸ਼ਨਪੁਰਾ ਵਾਸੀ ਕਿਸਾਨ ਲਵਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵੱਲੋਂ ਅਕਤੂਬਰ 2022 ਵਿੱਚ ਡੇਹਲੋਂ ਦੀ ਕਿਸਾਨ ਐਗਰੋ ਸੇਲਜ਼ ਟਰੈਕਟਰ ਏਜੰਸੀ ਤੋਂ ਖ਼ਰੀਦੇ ਮਹਿੰਦਰਾ ਕੰਪਨੀ ਦੇ ਅਰਜਨ ਨੋਵਾ ਟਰੈਕਟਰ ਦੀ ਦੋ ਸਾਲ ਬਾਅਦ ਵੀ ਰਜਿਸਟ੍ਰੇਸ਼ਨ (ਆਰ ਸੀ) ਨਾ ਬਣਾ ਕੇ ਦਿੱਤੇ ਜਾਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਅਤੇ ਜਨਰਲ ਸਕੱਤਰ ਨਾਜ਼ਰ ਸਿੰਘ ਸਿਆੜ ਦੀ ਅਗਵਾਈ ਵਿੱਚ ਵਫ਼ਦ ਨੇ ਟਰੈਕਟਰ ਏਜੰਸੀ ਡੇਹਲੋਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਦੋ ਸਾਲ ਪਹਿਲਾਂ ਖ਼ਰੀਦੇ ਟਰੈਕਟਰ ਦੀ ਰਜਿਸਟ੍ਰੇਸ਼ਨ ਟਰੈਕਟਰ ਮਾਲਕ ਨੂੰ ਦੇਣ ਦੀ ਮੰਗ ਕੀਤੀ। ਕਿਸਾਨ ਲਵਪ੍ਰੀਤ ਸਿੰਘ ਅਨੁਸਾਰ ਉਸ ਨੇ ਦੋ ਸਾਲ ਪਹਿਲਾਂ ਨਵਾਂ ਟਰੈਕਟਰ ਖ਼ਰੀਦਿਆ ਸੀ, ਟਰੈਕਟਰ ਦੀ ਕੀਮਤ ਸਮੇਤ ਆਰ ਸੀ ਬਣਾਉਣ ਅਤੇ ਬੀਮਾ ਕਰਾਉਣ ਲਈ ਏਜੰਸੀ ਨੂੰ ਰਕਮ ਦਿੱਤੀ ਸੀ। ਇਸ ਦੇ ਬਾਵਜੂਦ ਕਿਸਾਨ ਪਿਛਲੇ ਡੇਢ ਸਾਲ ਤੋਂ ਏਜੰਸੀ ਮਾਲਕਾਂ ਅੱਗੇ ਲੇਲੜੀਆਂ ਕੱਢ ਰਿਹਾ ਸੀ, ਪਰ ਕੋਈ ਪੱਲਾ ਨਹੀਂ ਫੜਾਇਆ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਏਜੰਸੀ ਮਾਲਕਾਂ ਦਾ ਵਤੀਰਾ ਬਹੁਤ ਮਾੜਾ ਸੀ। ਕਿਸਾਨ ਆਗੂਆਂ ਨੇ ਫੌਰੀ ਆਰ ਸੀ ਨਾ ਦੇਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਏਜੰਸੀ ਵੱਲੋਂ ਟਰੈਕਟਰ ਦੀ ਆਰਸੀ ਛੇਤੀ ਬਣਾਉਣ ਦਾ ਭਰੋਸਾ
ਟਰੈਕਟਰ ਏਜੰਸੀ ਦੇ ਹਿੱਸੇਦਾਰ ਕਿਰਨਦੀਪ ਸਿੰਘ ਨੇ ਸੰਪਰਕ ਕਰਨ ’ਤੇ ਮੰਨਿਆ ਕਿ ਟਰੈਕਟਰ ਦੀ ਆਰ ਸੀ ਬਣਾ ਕੇ ਦੇਣ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਇਹ ਪੋਰਟਲ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪੋਰਟਲ ਖੁੱਲ੍ਹ ਗਿਆ ਤਾਂ ਆਰ ਸੀ ਬਣਾ ਕੇ ਦਿੱਤੀ ਜਾਵੇਗੀ।