ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਮਾਰਚ
ਅੱਜ ਆਤਮ ਨਗਰ ਹਲਕੇ ਵਿੱਚ ਕੂੜੇ ਦੇ ਢੇਰਾਂ ਕਰ ਕੇ ਕਥਿਤ ਤੌਰ ’ਤੇ ਬਣੇ ਤਰਸਯੋਗ ਹਾਲਾਤ ਨੂੰ ਉਜਾਗਰ ਕਰਨ ਲਈ ਪੀਏਸੀ ਸਤਲੁਜ ਅਤੇ ਮੱਤੇਵਾੜਾ ਦੇ ਮੈਂਬਰਾਂ ਅਤੇ ਮਾਡਲ ਟਾਊਨ ਐਕਸਟੈਨਸ਼ਨ ਦੇ ਵਾਸੀਆਂ ਵੱਲੋਂ ਸੈਲਫੀ ਪੁਆਇੰਟ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਪੰਜਾਬ ਦੀ ਨਵੀਂ ਬਣੀ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਅਜਿਹੇ ਕੂੜੇ ਦੇ ਡੰਪਾਂ ਦੀ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ।
ਇਸ ਦੌਰਾਨ ਕੌਂਸਲ ਆਫ਼ ਇੰਜਨੀਅਰਜ਼ ਦੇ ਕਪਿਲ ਅਰੋੜਾ ਨੇ ਕਿਹਾ,‘‘ ਇਹ ਸਾਡਾ ਲਗਾਤਾਰ ਚੌਥਾ ਹਫ਼ਤਾ ਹੈ, ਜਦੋਂ ਅਸੀਂ ਸ਼ਹਿਰ ਵਿੱਚ ਅਜਿਹੇ ਕੂੜਾ ਡੰਪਿੰਗ ਸਥਾਨਾਂ ਨੂੰ ਉਜਾਗਰ ਕਰਨ ਲਈ ਸੈਲਫੀ ਪੁਆਇੰਟ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੈ ਤਾਂ ਜੋ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਪਿਛਲੇ ਹਫ਼ਤੇ ਵੀ ਇਸੇ ਥਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਸੀ। ਕੱਲ੍ਹ ਅਸੀਂ ਇਸ ਪੁਆਇੰਟ ਅਤੇ ਸ਼ਹਿਰ ਦੇ ਹੋਰ ਅਜਿਹੇ ਪੁਆਇੰਟਾਂ ਦੀ ਸਫ਼ਾਈ ਦੀ ਮੰਗ ਲਈ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ।’’ ਧਰਨੇ ਵਿੱਚ ਸ਼ਾਮਲ ਹੋਏ ਕਰਨਲ ਸੀ.ਐੱਮ ਲਖਨਪਾਲ ਨੇ ਕਿਹਾ ਕਿ ਹਲਕਾ ਆਤਮ ਨਗਰ ਅਤੇ ਕੱਕਾ ਪਿੰਡ ਵਿੱਚ ਵੀ ਕੂੜੇ ਦੀ ਸਥਿਤੀ ਤਰਸਯੋਗ ਹੈ। ਨਿਤਿਨ ਡਾਵਰ ਨੇ ਦੱਸਿਆ ਕਿ ਇਹ ਡੰਪ ਪਿਛਲੇ 15 ਸਾਲਾਂ ਤੋਂ ਸਾਡੇ ਲਈ ਬਦਬੂ ਅਤੇ ਬੀਮਾਰੀਆਂ ਫੈਲਾ ਰਿਹਾ ਹੈ ਅਤੇ ਕਿਸੇ ਨੇ ਵੀ ਇਸ ਦੀ ਸਫ਼ਾਈ ਕਰਵਾਉਣ ਦੀ ਖੇਚਲ ਨਹੀਂ ਕੀਤੀ। ਪੀਏਸੀ ਦੇ ਜਸਕੀਰਤ ਸਿੰਘ ਨੇ ਕਿਹਾ,‘‘ਰਾਜ ਵਿੱਚ ਨਵੀਂ ਸਰਕਾਰ ਦਾ ਗਠਨ ਇੱਕ ਵਿਸ਼ਾਲ ਜਨਾਦੇਸ਼ ਨਾਲ ਕੀਤਾ ਗਿਆ ਹੈ ਅਤੇ ਇਸ ਤੋਂ ਵੱਡੀਆਂ ਉਮੀਦਾਂ ਵੀ ਹਨ। ਸਾਨੂੰ ਪੂਰੀ ਉਮੀਦ ਹੈ ਕਿ ਮੌਜੂਦਾ ਸਰਕਾਰ ਵਾਤਾਵਰਣ ਦੇ ਮੁੱਦਿਆਂ ਵੱਲ ਗੰਭੀਰਤਾ ਨਾਲ ਧਿਆਨ ਦੇਵੇਗੀ। ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਅਜਿਹੇ ਸਾਰੇ ਪ੍ਰਾਜੈਕਟਾਂ ਅਤੇ ਠੇਕਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਅਤੇ ਪਾਰਦਰਸ਼ਤਾ ਬਹੁਤ ਮਹੱਤਵਪੂਰਨ ਹੈ ਜਿਸ ਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ।’’