ਸਤਵਿੰਦਰ ਬਸਰਾ
ਲੁਧਿਆਣਾ, 18 ਨਵੰਬਰ
ਇੱਥੋਂ ਦੇ ਦੁੱਗਰੀ ਇਲਾਕੇ ਵਿੱਚ ਪੈਂਦੇ ਇੱਕ ਵੱਡੇ ਸਕੂਲ ਵੱਲੋਂ ਅਧਿਆਪਕਾਂ ਨੂੰ ਹਟਾਏ ਜਾਣ ਸਬੰਧੀ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਧਿਆਪਕਾਂ ਨੂੰ ਇੱਕ-ਦਮ ਨੌਕਰੀ ਤੋਂ ਜਵਾਬ ਦਿੱਤਾ ਗਿਆ ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਸਕੂਲ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਸਾਰੇ ਅਧਿਆਪਕ ਬਹੁਤ ਵਧੀਆ ਪੜ੍ਹਾਉਂਦੇ ਸਨ। ਇਸ ਦੌਰਾਨ ਸਕੂਲ ਦੇ ਸਾਰੇ ਗੇਟ ਵੀ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਹ ਅਧਿਆਪਕ ਟਰਾਇਲ ’ਤੇ ਰੱਖੇ ਹੋਏ ਸਨ ਤੇ ਇਨ੍ਹਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਣ ਕਰਕੇ ਹੀ ਹਟਾਇਆ ਗਿਆ ਹੈ।
ਸਥਾਨਕ ਦੁੱਗਰੀ ਇਲਾਕੇ ਵਿੱਚ ਪੈਂਦੇ ਐੱਮਜੀਐੱਮ ਸਕੂਲ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਓ ਵਾਲੀ ਬਣ ਗਈ ਜਦੋਂ ਸਕੂਲ ਵੱਲੋਂ ਨੌਕਰੀ ਤੋਂ ਹਟਾਏ ਦਰਜਨ ਦੇ ਕਰੀਬ ਅਧਿਆਪਕਾਂ ਦੇ ਹੱਕ ਵਿੱਚ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕਈ ਅਧਿਆਪਕ ਵੀ ਮੌਜੂਦ ਸਨ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਇਕਦਮ ਜਵਾਬ ਦੇਣ ਨਾਲ ਉਨ੍ਹਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਅਧਿਆਪਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਜਵਾਬ ਦੇ ਦੇਣਾ ਚਾਹੀਦਾ ਸੀ। ਉਹ ਆਪਣੀ ਤਨਖਾਹ ਉਡੀਕ ਰਹੇ ਸਨ ਪਰ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਦੁਬਾਰਾ ਰੱਖਣ ਦੀ ਮੰਗ ਕਰਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਧਿਆਪਕਾਂ ਨੂੰ ਹਟਾਉਣ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਹੁਣ ਤਾਂ ਪ੍ਰੀਖਿਆਵਾਂ ਵੀ ਨੇੜੇ ਆ ਗਈਆਂ ਹਨ। ਸਾਰੇ ਅਧਿਆਪਕ ਬਹੁਤ ਵਧੀਆ ਪੜ੍ਹਾਉਂਦੇ ਸਨ। ਅੱਜ ਵੀ ਅਧਿਆਪਕ ਘੱਟ ਹੋਣ ਕਰਕੇ ਕਈ ਜਮਾਤਾਂ ਦਾ ਰਲੇਵਾਂ ਕਰ ਦਿੱਤਾ ਗਿਆ। ਇਸ ਮੌਕੇ ਪਹੁੰਚੇ ਇੱਕ ਪੁਲੀਸ ਅਧਿਕਾਰੀ ਨੇ ਬਿਨਾਂ ਕੋਈ ਤਸੱਲੀ ਵਾਲਾ ਜਵਾਬ ਦਿੰਦਿਆਂ ਸਿਰਫ ਇੰਨਾ ਕਿਹਾ ਕਿ ਮਾਮਲੇ ਬਾਰੇ ਤਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੁੱਝ ਦੱਸਿਆ ਜਾ ਸਕਦਾ ਹੈ। ਕੁਝ ਬੱਚਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਅਤੇ ਅਧਿਆਪਕਾਂ ਦਾ ਸਾਥ ਦੇਣ ਦੀ ਗੱਲ ਵੀ ਕਹੀ। ਦੂਜੇ ਪਾਸੇ ਪ੍ਰਬੰਧਕਾਂ ਦਾ ਦੋਸ਼ ਹੈ ਕਿ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਲੋਕਾਂ ਨੇ ਉਨ੍ਹਾਂ ਦੇ ਸਕੂਲ ਦੀ ਭੰਨ੍ਹ-ਤੋੜ ਵੀ ਕੀਤੀ ਹੈ ਜਿਸ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐੱਮਜੀਐੱਮ ਸਕੂਲ ਵਿੱਚ ਪੜ੍ਹਾਉਂਦੀ ਅਧਿਆਪਕਾ ਕਨਿਕਾ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਬਿਨਾਂ ਨੋਟਿਸ ਦਿੱਤੇ 12 ਮਹਿਲਾ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਅਕਸਰ ਸਕੂਲ ਪ੍ਰਬੰਧਕ ਅਧਿਆਪਕਾਂ ਨੂੰ ਕੁਝ ਦਿਨਾਂ ਲਈ ਕੰਮ ਕਰਵਾਉਂਦੇ ਹਨ ਅਤੇ ਫਿਰ ਬਿਨਾਂ ਨੋਟਿਸ ਪੀਰੀਅਡ ਦਿੱਤੇ ਨੌਕਰੀ ਤੋਂ ਕੱਢ ਦਿੰਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।
ਕੱਢੇ ਗਏ ਅਧਿਆਪਕਾਂ ਦਾ ਕੰਮ ਤਸੱਲੀਬਖ਼ਸ ਨਹੀਂ ਸੀ: ਪ੍ਰਬੰਧਕ
ਸਕੂਲ ਦੇ ਡਾਇਰੈਕਟਰ ਗਜਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਜਿਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ, ਉਹ ਪੱਕੇ ਨਹੀਂ ਸਨ, ਸਗੋਂ ਟਰਾਇਲ ਚੱਲ ਰਹੇ ਸਨ। ਉਸ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਜੇਕਰ ਉਸ ਦੀ ਕੰਮ ਕਰਨ ਦੀ ਸ਼ੈਲੀ ਸਹੀ ਹੈ ਤਾਂ ਉਸ ਨੂੰ ਜਾਰੀ ਰੱਖਿਆ ਜਾਵੇਗਾ, ਪਰ ਉਹ ਬੱਚਿਆਂ ਨੂੰ ਸਹੀ ਢੰਗ ਨਾਲ ਪੜ੍ਹਾਉਣ ਦੇ ਯੋਗ ਨਹੀਂ ਸੀ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਸੀ। ਜਿਸ ਕਾਰਨ ਉਸ ਨੂੰ ਜਵਾਬ ਦਿੱਤਾ ਗਿਆ ਹੈ।