ਗੁਰਿੰਦਰ ਸਿੰਘ
ਲੁਧਿਆਣਾ, 3 ਅਪਰੈਲ
ਇੱਥੋਂ ਦੇ ਕੋਚਰ ਮਾਰਕੀਟ ਚੌਕ ਵਿੱਚ ਇੱਕ ਤੇਜ਼ ਰਫ਼ਤਾਰ ਥਾਰ ਜੀਪ ਦੀ ਟੱਕਰ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਅਤੇ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਸਬੰਧੀ ਮਾਮਲੇ ਵਿੱਚ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਲਈ ਜਵਾਹਰ ਨਗਰ ਦੇ ਵਸਨੀਕਾਂ ਵੱਲੋਂ ਧਰਨਾ ਦੇ ਕੇ ਮੁਕੰਮਲ ਬੰਦ ਰੱਖਿਆ ਗਿਆ। ਇਲਾਕਾ ਵਾਸੀਆਂ ਵੱਲੋਂ ਕੋਚਰ ਮਾਰਕੀਟ ਦੇ ਸਾਰੇ ਰਸਤਿਆਂ ’ਤੇ ਰੋਕਾਂ ਲਾ ਕੇ ਆਵਾਜਾਈ ਵੀ ਠੱਪ ਕੀਤੀ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿੱਚ 12 ਸਾਲਾ ਲੜਕੀ ਵੀ ਸ਼ਾਮਲ ਸੀ ਜੋ ਆਪਣੇ ਪਿਤਾ ਦੀ ਮੌਤ ਅਤੇ ਮਾਤਾ ਦੇ ਜ਼ਖਮੀ ਹੋਣ ਕਾਰਨ ਸਦਮੇ ਵਿੱਚ ਸੀ।
ਬੀਤੀ ਰਾਤ ਇੱਕ ਬੇਕਾਬੂ ਹੋਈ ਥਾਰ ਜੀਪ ਨੇ ਚੌਕ ਵਿੱਚ ਪਹਿਲਾਂ ਗੋਲ ਗੱਪਿਆਂ ਦੀ ਇੱਕ ਰੇਹੜੀ ਵਿੱਚ ਟੱਕਰ ਮਾਰੀ ਜਿਸ ਨਾਲ ਰੇਹੜੀ ਉਲਟ ਗਈ ਅਤੇ ਸਵਾਰੀਆਂ ਨੂੰ ਮਾਮੂਲੀ ਚੋਟਾਂ ਆਈਆਂ। ਇਸ ਤੋਂ ਬਾਅਦ ਜੀਪ ਚਾਲਕ ਨੇ ਤੇਜ਼ੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਐਕਟਿਵਾ ਸਵਾਰ ਜੋੜੀ ਉਸ ਦੀ ਲਪੇਟ ਵਿੱਚ ਆ ਗਈ ਜਿਸ ਨਾਲ ਐਕਟਿਵਾ ਚਲਾ ਰਹੇ ਹਰੀਸ਼ ਕੁਮਾਰ ਉਰਫ਼ ਹੈਪੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਸਪਨਾ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਡਾਕਟਰਾਂ ਅਨੁਸਾਰ ਉਸ ਦੀਆਂ ਦੋਵਾਂ ਲੱਤਾਂ ਟੁੱਟ ਗਈਆਂ ਹਨ ਅਤੇ ਹੋਰ ਵੀ ਕਈ ਜ਼ਖ਼ਮ ਆਏ ਹਨ। ਜਵਾਹਰ ਨਗਰ ਦੇ ਵਸਨੀਕਾਂ ਨੇ ਅੱਜ ਸਵੇਰੇ ਕੋਚਰ ਮਾਰਕੀਟ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਕੇ ਚੌਕ ਵਿਚਕਾਰ ਧਰਨਾ ਦਿੱਤਾ। ਉਨ੍ਹਾਂ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕਰਦਿਆਂ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਲੋਕਾਂ ਦਾ ਕਹਿਣਾ ਸੀ ਕਿ ਪੁਲੀਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਹਾਲੇ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਦਕਿ ਲਾਸ਼ ਸਿਵਲ ਹਸਪਤਾਲ ਵਿੱਚ ਰੱਖੀ ਗਈ ਹੈ ਜਿਸਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ। ਉੱਚ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਾਇਆ।
ਇਸ ਦੌਰਾਨ ਕੋਚਰ ਮਾਰਕੀਟ ਪੁਲੀਸ ਚੌਕੀ ਦੇ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਥਾਰ ਜੀਪ ਕਬਜ਼ੇ ਵਿੱਚ ਲੈ ਕੇ ਚਾਲਕ ਪਲਵਿੰਦਰ ਸਿੰਘ ਵਾਸੀ ਤਲਵਾੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।