ਗਗਨਦੀਪ ਅਰੋੜਾ
ਲੁਧਿਆਣਾ, 21 ਜੁਲਾਈ
ਸ਼ਹਿਰ ’ਚ ਮੀਂਹ ਦੇ ਬਾਵਜੂਦ ਬਿਜਲੀ ਸੰਕਟ ਜਾਰੀ ਹੈ। ਅੱਜ ਇਥੋਂ ਦੇ ਕਈ ਇਲਾਕਿਆਂ ’ਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਫੋਕਲ ਪੁਆਇੰਟ ਪਾਵਰਕੌਮ ਦਫ਼ਤਰ ਅੱਗੇ ਮੈਨੇਜਮੈਂਟ ਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਜਾਣਕਾਰੀ ਮੁਤਾਬਿਕ ਮੋਤੀ ਨਗਰ ’ਚ ਮੰਗਲਵਾਰ ਸਵੇਰ ਤੋਂ ਹੀ ਬਿਜਲੀ ਸਪਲਾਈ ਠੱਪ ਸੀ ਤੇ ਬੁੱਧਵਾਰ ਦੁਪਹਿਰ ਤੱਕ ਵੀ ਇਹੀ ਹਾਲ ਰਿਹਾ। ਮੁਜ਼ਾਹਰੇ ਦੌਰਾਨ ਗੱਲਬਾਤ ਕਰਦਿਆਂ ਇਲਾਕਾ ਵਾਸੀ ਮੋਨੂੰ ਗੁਰਜਰ ਨੇ ਕਿਹਾ ਕਿ ਇਲਾਕੇ ’ਚ ਪਿਛਲੇ ਕਰੀਬ 27 ਘੰਟਿਆਂ ਤੋਂ ਬੱਤੀ ਗਈ ਹੋਈ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ 1912 ’ਤੇ ਸ਼ਿਕਾਇਤ ਕਰਨ ’ਤੇ ਵੀ ਕੋਈ ਹੱਲ ਨਹੀਂ ਹੋਇਆ। ਇਸ ਕਾਰਨ ਉਨ੍ਹਾਂ ਕੋੋਲ ਪ੍ਰਦਰਸ਼ਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਾਰਡ ਨੰਬਰ 22 ਦੇ ਪੂਰੇ ਇਲਾਕਿਆਂ ਦੇ ਹਾਲਾਤ ਮਾੜੇ ਹਨ, ਇੱਥੇ ਜ਼ਿਆਦਾਤਰ ਮਜ਼ਦੂਰ ਰਹਿੰਦੇ ਹਨ। ਦਿਨ ਭਰ ਬਾਹਰ ਮਜ਼ਦੂਰੀ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਘਰ ਆਉਂਦੇ ਹਨ ਤਾਂ ਪੀਣ ਲਈ ਪਾਣੀ ਤੱਕ ਨਹੀਂ ਮਿਲਦਾ ਅਤੇ ਬਿਜਲੀ ਵੀ ਨਹੀਂ ਹੁੰਦੀ। ਬਿਜਲੀ ਦਫ਼ਤਰ ਦੇ ਸਾਹਮਣੇ ਧਰਨਾ ਲਾਉਣ ’ਤੇ ਵਿਭਾਗ ਦੇ ਅਧਿਕਾਰੀ ਬਲਵੰਤ ਸਿੰਘ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਂਦੇ ਰਹੇ ਕਿ ਲਾਈਨਮੈਨਾਂ ਦੀ ਟੀਮ ਬਿਜਲੀ ਠੀਕ ਕਰਨ ’ਚ ਲੱਗੀ ਹੋਈ ਹੈ। ਛੇਤੀ ਹੀ ਇਲਾਕੇ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਦੇ ਦਿੱਤੇ ਭਰੋਸੇ ਤੋਂ ਬਾਅਦ ਮੋਤੀ ਨਗਰ ਵਾਸੀਆਂ ਨੇ ਧਰਨਾ ਖਤਮ ਕੀਤਾ। ਧਰਨਾ ਦੇਣ ਦੇ ਕਰੀਬ 2 ਘੰਟੇ ਬਾਅਦ ਬਿਜਲੀ ਸਪਲਾਈ ਬਹਾਲ ਕੀਤੀ ਗਈ।