ਸੰਤੋਖ ਗਿੱਲ
ਗੁਰੂਸਰ ਸੁਧਾਰ, 26 ਅਪਰੈਲ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਦੇ ਘਰ ਭਰਨ ਲਈ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਬੇਲੋੜਾ ਅਤੇ ਕਿਸਾਨ ਮਾਰੂ ਵਾਧਾ ਕੀਤਾ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਖਾਦ ਦੇ ਰੇਟਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਖਾਦ ਦੀ ਨਕਲੀ ਘਾਟ ਪੈਦਾ ਕਰ ਕੇ ਖਾਦ ਦੀ ਬਲੈਕ ਕੀਤੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂਆਂ ਹਰਨੇਕ ਸਿੰਘ ਗੁੱਜਰਵਾਲ ਅਤੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕਣਕ ਦੇ ਘਟੇ ਝਾੜ ਕਾਰਨ ਕਿਸਾਨਾਂ ਨੂੰ ਪ੍ਰਤੀ ਕੁਵਿੰਟਲ ਪੰਜ ਸੌ ਰੁਪਏ ਬੋਨਸ ਦੇਣ ਦੀ ਵੀ ਮੰਗ ਕੀਤੀ ਹੈ। ਕਿਲ੍ਹਾ ਰਾਏਪੁਰ ਵਿਚ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ। ਮਲਕੀਤ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ, ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਨਛੱਤਰ ਸਿੰਘ, ਕਰਨੈਲ ਸਿੰਘ, ਮੋਹਣਜੀਤ ਸਿੰਘ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।
ਕਿਸਾਨ ਮਸਲੇ ਹੱਲ ਕਰਨ ਦੀ ਮੰਗ
ਖੰਨਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਕਿੱਤੇ ਨੂੰ ਹਰ ਵਰ੍ਹੇ ਜਿੱਥੇ ਕੁਦਰਤੀ ਡੋਬੇ ਸੋਕੇ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉੱਥੇ ਸਰਕਾਰਾਂ ਦੀ ਬੇਰੁਖੀ ਇਸ ਨੂੰ ਤਬਾਹ ਕਰਨ ਲਈ ਮੁੱਖ ਜ਼ਿੰਮੇਵਾਰ ਹਨ। ਰਾਜਿੰਦਰ ਸਿੰਘ ਕੋਟ ਪਨੈਚ, ਸੁਖਵਿੰਦਰ ਸਿੰਘ ਭੱਟੀਆ, ਬਲਵੰਤ ਸਿੰਘ ਰਾਜੇਵਾਲ, ਮੁਖਤਿਆਰ ਸਿੰਘ, ਰਣਵੀਰ ਸਿੰਘ, ਕਰਮਜੀਤ ਸਿੰਘ, ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਕਣਕ ਦੇ ਘਟੇ ਝਾੜ ਦੇ ਘਾਟੇ ਦੀ ਪੂਰਤੀ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਡੀਏਪੀ ਖਾਦ ਦੀਆਂ ਕੀਮਤਾਂ ਵਧਾ ਕੇ ਲੱਕ ਤੋੜਨ ਦਾ ਯਤਨ ਕੀਤਾ ਹੈ।