ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਕਤੂਬਰ
ਹਾਥਰਸ ਤੇ ਉਸ ਮਗਰੋਂ ਹੋਰ ਕੁੜੀਆਂ ਨਾਲ ਹੋਏ ਬਲਾਤਕਾਰ ਅਤੇ ਹੱਤਿਆਵਾਂ ਦੇ ਮੁੱਦੇ ’ਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਅੱਜ ਇੱਥੇ ਰੈਲੀ ਅਤੇ ਮੁਜ਼ਾਹਰਾ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਯੋਗੀ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ਵਿੱਚ ਸਰਕਾਰ ਨੂੰ ਭੰਗ ਕਰਕੇ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਕਾ. ਡੀ ਪੀ ਮੌੜ, ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਐੱਮਐੱਸ ਭਾਟੀਆ, ਚਰਨ ਸਿੰਘ ਸਰਾਭਾ, ਨਵਲ ਛਿੱਬੜ ਐਡਵੋਕੇਟ, ਕੇਵਲ ਸਿੰਘ ਬਨਵੈਤ, ਐੱਸਪੀ ਸਿੰਘ, ਦਵਿੰਦਰ ਸਿੰਘ ਵਾਹੀ ਐਡਵੋਕੇਟ, ਜੀਤ ਕੁਮਾਰੀ, ਸੌਰਵ ਕੁਮਾਰ ਪ੍ਰਧਾਨ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਅਤੇ ਹਰੀ ਉਮ ਕੁਮਾਰ ਨੇ ਕਿਹਾ ਕਿ ਇਸ ਵੇਲੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਸਾਰੇ ਦੇਸ਼ ਨਾਲੋਂ ਭੈੜੀ ਹੈ ਜਿਥੇ ਨਿੱਕੀ ਬਾਲੜੀਆਂ ਹੈਵਾਨੀਅਤ ਦਾ ਸ਼ਿਕਾਰ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਬਚਾਅ ਰਹੀ ਹੈ ਅਤੇ ਪਰਿਵਾਰ ਦੇ ਕਿਸੇ ਮੈਂਬਰ ਦੀ ਗ਼ੈਰ-ਮੌਜੂਦਗੀ ਵਿੱਚ ਰਾਤ ਨੂੰ ਲੜਕੀ ਦਾ ਸਸਕਾਰ ਕਰਨਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਸੰਜੀਦਾ ਮਾਮਲਿਆਂ ਵਿੱਚ ਵੀ ਪੁਲੀਸ ਦਾ ਰਾਜਨੀਤਿਕ ਦਬਾਅ ਹੇਠ ਕੰਮ ਕਰਨਾ ਅਤੇ ਪੂਰੀ ਤਰ੍ਹਾਂ ਗੈਰ-ਪੇਸ਼ਾਵਰ ਢੰਗ ਨਾਲ ਪੇਸ਼ ਆਉਣਾ ਦੁੱਖਦਾਈ ਹੈ।
ਲੋਕ ਜਗਾਓ ਮੰਚ ਵੱਲੋਂ ਮੋਮਬੱਤੀ ਮਾਰਚ
ਖੰਨਾ (ਜੋਗਿੰਦਰ ਸਿੰਘ ਓਬਰਾਏ): ਹਾਥਰਸ ਵਿੱਚ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਅਤੇ ਮੌਤ ਦੇ ਮੁੱਦੇ ’ਤੇ ਲੋਕ ਜਗਾਓ ਮੰਚ ਵੱਲੋਂ ਅੱਜ ਇੱਥੇ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ, ਗੋਰਾ ਖੰਨਾ, ਅੰਬੇਦਕਰਵਾਦੀ ਅੰਮ੍ਰਿਤ ਭਾਰਤੀ ਅਤੇ ਸੋਨੂੰ ਖੱਟੜਾ ਨੇ ਕਿਹਾ ਕਿ ਦੇਸ਼ ਅੰਦਰ ਸੰਵਿਧਾਨ ਨੂੰ ਦਰਕਿਨਾਰ ਕਰ ਕੇ ਮੰਨੂ ਸਮ੍ਰਿਤੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸਸੀ/ਐੱਸਟੀ/ ਓਬੀਸੀ ਅਤੇ ਘੱਟ ਗਿਣਤੀ ਭਾਈਚਾਰੇ ’ਤੇ ਅੱਤਿਆਚਾਰ ਅਤੇ ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ। ਮੰਚ ਵੱਲੋਂ ਲਲਹੇੜੀ ਚੌਂਕ ਤੋਂ ਮੁੱਖ ਬਾਜ਼ਾਰਾਂ ਵਿੱਚੋਂ ਮੋਮਬੱਤੀ ਅਤੇ ਰੋਸ ਮਾਰਚ ਕੱਢ ਕੇ ਹਾਥਰਸ ਵਿੱਚ ਦਲਿਤ ਕੁੜੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਅਤੇ ਪਰਿਵਾਰ ਨਾਲ ਧੱਕਾ ਕਰਨ ਵਾਲੇ ਪੁਲੀਸ ਅਫ਼ਸਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।