ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਜੂਨ
ਕਰੋਨਾ ਮਹਾਮਾਰੀ ਦੌਰਾਨ ਗ਼ਰੀਬਾਂ ਨੂੰ ਮਿਲਣ ਵਾਲੇ ਅਨਾਜ ਦੀਆਂ ਵੀਹ ਬੋਰੀਆਂ (ਦਸ ਕੁਇੰਟਲ) ਕਣਕ ਖੁਰਦ-ਬੁਰਦ ਕਰਨ ਵਾਲੇ ਨਵੀਂ ਅਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੇ ਡਿਪੂ ਹੋਲਡਰ ਦਿਨੇਸ਼ ਕੁਮਾਰ ਵਿਰੁੱਧ ਫ਼ੌਰੀ ਕਾਰਵਾਈ ਕਰਦਿਆਂ ਜ਼ਿਲ੍ਹਾ ਖ਼ੁਰਾਕ ਕੰਟਰੋਲਰ ਵੱਲੋਂ ਡਿਪੂ ਮੁਅੱਤਲ ਕਰਨ ਦੇ ਹੁਕਮ ਕੀਤੇ ਗਏ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਇਸ ਮਾਮਲੇ ਵਿਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਇਸ ਮਾਮਲੇ ਵਿੱਚ ਜ਼ਿਲ੍ਹਾ ਖ਼ੁਰਾਕ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਇਲਾਕੇ ਦੇ ਨਿਗਰਾਨ ਸੰਦੀਪ ਸਿੰਘ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਲੁਧਿਆਣਾ ਦੇ ਸਰਕਲ ਦਫ਼ਤਰ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਸਕੀਮ ਤਹਿਤ ਨਵੀਂ ਅਬਾਦੀ ਅਕਾਲਗੜ੍ਹ ਨੂੰ ਮਿਲੀਆਂ 300 ਬੋਰੀਆਂ ਕਣਕ ਵਿੱਚੋਂ ਡਿਪੂ ਹੋਲਡਰ ਦਿਨੇਸ਼ ਕੁਮਾਰ ਨੇ 20 ਬੋਰੀਆਂ ਕਣਕ ਗਾਇਬ ਕਰ ਦਿੱਤੀ ਸੀ ਤੇ ਇਸ ਘਾਟੇ ਦੀ ਪੂਰਤੀ ਲਈ ਪ੍ਰਤੀ ਜੀਅ 1 ਤੋਂ 2 ਕਿੱਲੋ ਅਨਾਜ ਦੀ ਕਾਟ ਲਗਾਈ ਜਾ ਰਹੀ ਸੀ। ਵਾਰਡ ਨੰਬਰ 7, 8 ਅਤੇ 9 ਦੇ ਕਾਰਡਧਾਰੀਆਂ ਵੱਲੋਂ ਵਿਰੋਧ ਕਰਨ ਮਗਰੋਂ ਮਾਮਲਾ ਉਜਾਗਰ ਹੋਇਆ ਸੀ। ਸੱਤਾਧਾਰੀ ਧਿਰ ਦੀ ਸਰਪ੍ਰਸਤੀ ਦੇ ਬਾਵਜੂਦ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕਾਰਨ ਇਹ ਵਿਭਾਗੀ ਕਾਰਵਾਈ ਸੰਭਵ ਹੋਈ ਹੈ।