ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਸਤੰਬਰ
ਪੰਜਾਬੀ ਮਾਂ ਬੋਲੀ ਦੇ ਸਿਰਮੌਰ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲੇ ਦਾ 84ਵਾਂ ਜਨਮ ਦਿਨ ਪੰਜਾਬੀ ਭਵਨ ਵਿੱਚ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰ ਜਗਵੰਤ ਸਿੰਘ ਥਰੀਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਲਮਕਾਰਾਂ ਨੇ ਰਚਨਾਵਾਂ ਅਤੇ ਸੁਨੇਹਿਆਂ ਰਾਹੀਂ ਆਪਣੇ ਮਹਬਿੂਬ ਗੀਤਕਾਰ ਨੂੰ ਯਾਦ ਕੀਤਾ। ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਸਰਬਜੀਤ ਸਿੰਘ ਵਿਰਦੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼੍ਰੋਮਣੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਦੇਵ ਸਾਹਿਬ ਵਰਗਾ ਗੀਤਕਾਰ ਕਿਧਰੇ ਨਜ਼ਰ ਨਹੀਂ ਆ ਰਿਹਾ। ਪ੍ਰੋ. ਗੁਰਭਜਨ ਗਿੱਲ ਨੇ ਵੱਡੇ ਵੀਰ ਨੂੰ ਯਾਦ ਕੀਤਾ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਅਜਿਹੀਆਂ ਕੱਦਾਵਰ ਸ਼ਖਸੀਅਤਾਂ ਦੇ ਦਿਨ ਮਨਾਉਂਦਿਆਂ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰਬੰਧਕਾਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਣੀ ਚਾਹੀਦੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਗੁਰਪ੍ਰੀਤ ਸਿੰਘ ਤੂਰ ਨੇ ਦੇਵ ਹੁਰਾਂ ਦੀ ਕਲਾ ਨੂੰ ਆਮ ਲੋਕ-ਕਲਾ ਕਿਹਾ। ਇਸ ਮੌਕੇ ਡਾ. ਅਮਰਜੀਤ ਸਿੰਘ ਟਿੱਕਾ, ਡਾ. ਸੁਰਜੀਤ ਸਿੰਘ ਗਿੱਲ, ਡਾ. ਸੁਰਜੀਤ ਦੌਧਰ, ਲੋਕ ਗਾਇਕ ਜਸਵੰਤ ਸੰਦੀਲਾ, ਨਿਰਮਲ ਜੌੜਾ, ਅਮਰੀਕ ਤਲਵੰਡੀ ਤੇ ਰਣਜੀਤ ਸਿੰਘ ਹਠੂਰ ਹਾਜ਼ਰ ਸਨ।