ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਫਰਵਰੀ
ਸਨਅਤੀ ਸ਼ਹਿਰ ਵਿੱਚ ਪੱਖੋਵਾਲ ਰੋਡ ’ਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਬਣ ਰਹੇ ਰੇਲਵੇ ਓਵਰਬ੍ਰਿਜ ਤੇ ਰੇਲਵੇ ਅੰਡਰਬ੍ਰਿਜ ਦੀ ਡੈਡਲਾਈਨ ਛੇਵੀਂ ਵਾਰ ਖਤਮ ਹੋ ਗਈ ਹੈ, ਪਰ ਕੰਮ ਹਾਲੇ ਵੀ ਅਧੂਰਾ ਹੈ। ਤਿੰਨ ਹਿੱਸਿਆਂ ’ਚ ਬਣ ਰਹੇ ਇਸ ਪ੍ਰਾਜੈਕਟ ਦੇ ਇੱਕ ਹਿੱਸੇ ਦਾ ਕੰਮ ਵੀ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ। ਜਿਸ ਚਾਲ ਨਾਲ ਉਸਾਰੀ ਦਾ ਕੰਮ ਚੱਲ ਰਿਹਾ ਹੈ, ਸ਼ਹਿਰ ਵਾਸੀਆਂ ਨੂੰ ਹਾਲੇ ਇੱਕ ਹੋਰ ਸਾਲ ਪ੍ਰੇਸ਼ਾਨੀਆਂ ਨਾਲ ਜੂਝਣਾ ਪਵੇਗਾ। ਹਾਲਾਤ ਇਹ ਹਨ ਕਿ ਇਸ ਆਰਯੂਬੀ ਤੇ ਆਰਓਬੀ ਦੇ ਆਲ-ਦੁਆਲੇ ਜਿੰਨੇ ਵੀ ਦੁਕਾਨਦਾਰ ਹਨ ਤੇ ਲੋਕ ਰਹਿੰਦੇ ਹਨ, ਉਹ ਹੁਣ ਇਸ ਵਿਕਾਸ ਕਾਰਜ ਤੋਂ ਪ੍ਰੇਸ਼ਾਨ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਉਸਾਰੀ ਕਾਰਨ ਉਨ੍ਹਾਂ ਦੀ ਜੀਉਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦੇ ਦੋਸ਼ ਹਨ ਕਿ ਚੋਣਾਂ ਤੋਂ ਪਹਿਲਾਂ ਇਕ ਵਾਰ ਸਿਰਫ਼ ਮੰਤਰੀ ਆਸ਼ੂ ਉਦਘਾਟਨ ਕਰਕੇ ਚਲੇ ਗਏ, ਉਨ੍ਹਾਂ ਦੀਆਂ ਗੱਡੀਆਂ ਤੋਂ ਇਲਾਵਾ ਇਸ ਪੁੱਲ ਦੇ ਥੱਲੋਂ ਕੋਈ ਹੋਰ ਗੱਡੀ ਨਹੀਂ ਲੰਘੀ ਹੈ, ਹੁਣ ਚੋਣਾਂ ਲੰਘਣ ਤੋਂ ਬਾਅਦ ਤਾਂ ਕੋਈ ਸਾਰ ਵੀ ਨਹੀਂ ਲੈ ਰਿਹਾ ਹੈ।
ਨਗਰ ਨਿਗਮ ਤੇ ਰੇਲਵੇ ਨੂੰ ਇਸ ਪ੍ਰਾਜੈਕਟ ਦੇ ਤਿੰਨ ਹਿੱਸਿਆਂ ਦਾ ਕੰਮ 22 ਫਰਵਰੀ 2022 ਤੱਕ ਪੂਰਾ ਕਰਨਾ ਸੀ। ਇਸ ’ਚ ਸਭ ਤੋਂ ਪਹਿਲਾਂ ਆਰਯੂਬੀ ਪਾਰਟ ਟੂ ਮਤਲਬ ਪੱਖੋਵਾਲ ਰੋਡ ਤੋਂ ਨਗਰ ਨਿਗਮ ਜ਼ੋਨ-ਡੀ ਤੇ ਹੀਰੋ ਬੇਕਰੀ ਚੌਕ ਦੇ ਵੱਲ ਜਾਣ ਵਾਲੇ ਹਿੱਸੇ ਦੇ ਉਸਾਰੀ ਕੀਤੀ ਜਾਣੀ ਸੀ। ਇਸ ਹਿੱਸੇ ਦਾ ਕੰਮ ਪਿਛਲੇ ਸਾਲ ਮਾਰਚ ’ਚ ਪੂਰਾ ਹੋਣਾ ਸੀ, ਪਰ ਲੇਟ ਲਤੀਫ਼ੀ ਦੇ ਕਾਰਨ ਛੇ ਵਾਰ ਇਸਦੀ ਡੈਡਲਾਈਨ ਬਦਲਣੀ ਪਈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਇੱਕ ਜਨਵਰੀ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਰਯੂਬੀ ਪਾਰਟ -2 ਦਾ ਟਰਾਇਲ ਰਨ ਕਰਵਾਇਆ ਸੀ। ਇਸ ਤੋਂ ਬਾਅਦ ਟਰੈੈਫਿਕ ਦੇ ਲਈ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਟਰਾਇਲ ਰਨ ਦੇ 54 ਦਿਨ ਬੀਤ ਜਾਣ ਦੇ ਬਾਅਦ ਵੀ ਇਸ ਹਿੱਸੇ ਦਾ ਕੰਮ ਪੂਰਾ ਨਹੀਂ ਹੋ ਪਾਇਆ ਹੈ। ਹੁਣ ਨਗਰ ਨਿਗਮ 31 ਮਾਰਚ ਤੱਕ ਕੰਮ ਪੂਰਾ ਕਰਨ ਦਾ ਦਾਅਵਾ ਕਰ ਰਿਹਾ ਹੈ। ਇਸ ਹਿੱਸੇ ਦਾ ਕੰਮ ਪੂਰਾ ਹੋਣ ਤੋਂ ਬਾਅਦ ਦੂਸਰੇ ਪੜਾਅ ’ਚ ਆਰਓਬੀ ਦਾ ਕੰਮ ਪੂਰਾ ਕੀਤਾ ਜਾਣਾ ਹੈ। ਇਸਦੀ ਡੈਡਲਾਈਨ ਵੀ ਦਸੰਬਰ 2021 ’ਚ ਸੀ। ਦੂਸਰੇ ਪੜਾਅ ਦਾ ਕੰਮ ਪੁਰਾ ਹੋਣ ਤੋਂ ਬਾਅਦ ਤੀਸਰੇ ਪੜਾਅ ਦੇ ਤਹਿਤ ਆਰਯੂਬੀ ਦਾ ਕੰਮ ਸ਼ੁਰੂ ਹੋਵੇਗਾ।
ਦੁਕਾਨਦਾਰਾਂ ਦਾ ਕਾਰੋਬਾਰ ਠੱਪ
ਲੇਟ ਲਤੀਫ਼ੀ ਦਾ ਖਾਮਿਆਜਾ ਸ਼ਹਿਰਵਾਸੀ ਭੁਗਤ ਰਹੇ ਹਨ। ਉਸਾਰੀ ਸਥਾਨ ਦੇ ਆਸਪਾਸ ਧੂੜ, ਮਿੱਟੀ ਕਾਰਨ ਕਈ ਦੁਕਾਨਦਾਰਾਂ ਦਾ ਕੰਮ ਠੱਪ ਪਿਆ ਹੈ। ਕੁਝ ਦੁਕਾਨਦਾਰ ਹੁਣ ਵੀ ਦੁਕਾਨਾਂ ਖੋਲ੍ਹ ਰਹੇ ਹਨ, ਪਰ ਵਪਾਰ ਨਾ ਦੇ ਬਰਾਬਰ ਹੈ ਤੇ ਕੁਝ ਦੁਕਾਨਾਂ ਬੰਦ ਕਰ ਗਏ ਹਨ। ਇਸਦੇ ਨਾਲ ਹੀ ਟਰੈਫਿਕ ਜਾਮ ਦੀ ਪਰੇਸ਼ਾਨੀ ਵੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ।