ਪੱਤਰ ਪ੍ਰੇਰਕ
ਪਾਇਲ, 4 ਨਵੰਬਰ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖ਼ਾਲਸਾ ਵੱਲੋਂ ਜਿੱਥੇ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਨਰੋਏ ਸਮਾਜ ਦੀ ਸਿਰਜਣਾ ਲਈ ਵੱਖ ਵੱਖ ਖੇਡਾਂ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਮੱਲ ਅਖਾੜਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵੱਲੋਂ ਪੰਜਾਬ ਕੁਸ਼ਤੀ ਸੰਸਥਾ ਦੇ ਸਹਿਯੋਗ ਨਾਲ ਸੰਤ ਦਰਸ਼ਨ ਸਿੰਘ ਖ਼ਾਲਸਾ ਦੀ ਰਹਿਨੁਮਾਈ ਹੇਠ 9 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸੀਨੀਅਰ ਪੰਜਾਬ ਸਟੇਟ ਫ੍ਰੀ ਸਟਾਈਲ ਸਟੇਟ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਭਾਈ ਗੁਰਦੀਪ ਸਿੰਘ ਅਤੇ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਕੁਸ਼ਤੀ ਮੁਕਾਬਿਲਆਂ ਵਿੱਚ ਪਹਿਲਵਾਨ ਲੜਕੀਆਂ ਵਜਨ 50 ਕਿਲੋ ਤੋਂ 76 ਕਿਲੋ ਤੱਕ ਅਤੇ ਪਹਿਲਵਾਨ ਲੜਕੇ 57 ਕਿਲੋ ਤੋਂ 125 ਕਿਲੋ ਤੱਕ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਵਾਨਾਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਸੱਦਾ ਪੱਤਰ ਰਾਹੀਂ ਆਏ ਪਹਿਲਵਾਨਾਂ ਨੂੰ ਹੀ ਕੁਸ਼ਤੀ ਕਰਨ ਦੀ ਆਗਿਆ ਹੋਵੇਗੀ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਸਾਹਿਬਾਨ ਦੇ ਫ਼ੈਸਲੇ ਅਟੱਲ ਹੋਣਗੇ। ਦਰਸ਼ਕਾਂ ਦੇ ਬੈਠਣ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ।