ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 11 ਨਵੰਬਰ
ਸ਼ਹਿਰ ਦੇ ਪੰਜਾਬ ਖੇਤਾਬਾੜੀ ਯੂਨੀਵਰਸਿਟੀ (ਪੀਏਯੂ) ਤੇ ਸੱਤਪਾਲ ਮਿੱਤਲ ਸਕੂਲ ਵਿੱਚ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਸਿੰਘ ਧਨਖੜ ਆਉਣਗੇ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ 12 ਨਵੰਬਰ ਨੂੰ ਲੁਧਿਆਣਾ ਫੇਰੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ।
ਇਸੇ ਦੌਰਾਨ ਪੀਏਯੂ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਡਟੇ ਵਿਦਿਆਰਥੀਆਂ ਦਾ ਧਰਨਾ ਚੁਕਾਉਣ ਲਈ ਅੱਜ ਦਿਨ ਭਰ ਧਰਨਾਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲਦੀ ਰਹੀ।
ਉਪ-ਰਾਸ਼ਟਰਪਤੀ ਇੰਡੀਅਨ ਈਕੋਲੌਜੀਕਲ ਸੁਸਾਇਟੀ ਇੰਟਰਨੈਸ਼ਨਲ ਕਾਨਫਰੰਸ-2024 ਦੀ ਪ੍ਰਧਾਨਗੀ ਕਰਨਗੇ, ਜੋ ਇੰਡੀਅਨ ਈਕੋਲੌਜੀਕਲ ਸੁਸਾਇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਬਾਅਦ ਵਿੱਚ ਉਪ-ਰਾਸ਼ਟਰਪਤੀ ਜੀ ਸਤਪਾਲ ਮਿੱਤਲ ਸਕੂਲ ਵਿੱਚ ਸਤਪਾਲ ਮਿੱਤਲ ਨੈਸ਼ਨਲ ਅਵਾਰਡ ਦੇ 32ਵੇਂ ਐਡੀਸ਼ਨ ਵਿੱਚ ਵੀ ਸ਼ਿਰਕਤ ਕਰਨਗੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੀਏਯੂ ਵਿੱਚ ਇੰਡੀਅਨ ਈਕੋਲੌਜੀਕਲ ਸੁਸਾਇਟੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਹਿੱਸਾ ਲੈਣਗੇ।
ਸਿਵਲ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੋਵਾਂ ਥਾਵਾਂ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੁਲੀਸ ਵਿਭਾਗ ਨੂੰ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਟ੍ਰੈਫਿਕ ਅਤੇ ਪਾਰਕਿੰਗ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ ਨੂੰ ਸਾਰੀਆਂ ਥਾਵਾਂ ’ਤੇ ਲੋੜੀਂਦਾ ਮੈਡੀਕਲ ਸਟਾਫ ਨਿਯੁਕਤ ਕਰਨ ਅਤੇ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਲੋੜੀਂਦੀਆਂ ਸਹੂਲਤਾਂ ਸਥਾਪਤ ਕਰਨ ਲਈ ਵੀ ਆਦੇਸ਼ ਦਿੱਤੇ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਅੱਗ ਬੁਝਾਊ ਵਿਭਾਗ ਨੂੰ ਅੱਗ ਬੁਝਾਉਣ ਦੇ ਢੁੱਕਵੇਂ ਪ੍ਰਬੰਧ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਡੀਸੀ ਜਤਿੰਦਰ ਜੋਰਵਾਲ ਨੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਪ ਰਾਸ਼ਟਰਪਤੀ ਦੇ ਦੌਰੇ ਨੂੰ ਸੁਚਾਰੂ ਅਤੇ ਤਸੱਲੀਬਖਸ਼ ਢੰਗ ਨਾਲ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਇਸੇ ਦੌਰਾਨ ਪੀਏਯੂ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਵਿਦਿਆਰਥੀਆਂ ਦਾ ਧਰਨਾ ਚੁਕਾਉਣ ਲਈ ਅੱਜ ਧਰਨਾਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਨੋਕ-ਝੋਕ ਚੱਲਦੀ ਰਹੀ। ਧਰਨਾ ਦੇ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਅਧਿਕਾਰੀ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਲੈ ਕੇ ਨਹੀਂ ਦਿੰਦੇ ਉਹ ਧਰਨਾ ਜਾਰੀ ਰੱਖਣਗੇ। ਪੀਏਯੂ ਵਿੱਚ ਖੇਤੀਬਾੜੀ ਦੀ ਪੜ੍ਹਾਈ ਕਰ ਚੁੱਕੇ ਅਤੇ ਕਰ ਰਹੇ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਖੇਤੀਬਾੜੀ ਦਾ ਵਿਸ਼ਾ ਸ਼ੁਰੂ ਕਰਨ, ਖੇਤੀਬਾੜੀ ਦੇ ਮਾਸਟਰ ਲਗਾਉਣ ਦੇ ਨਾਲ ਨਾਲ ਸੂਬੇ ਦੇ ਮੁੱਖ ਮੰਤਰੀ ਨੂੰ ਉਸ ਵੱਲੋਂ ਪਿੰਡਾਂ ਵਿੱਚ ਖੇਤਾਂ ਦੇ ਮਾਸਟਰ ਲਗਾਉਣ ਦੇ ਦਿੱਤੇ ਬਿਆਨਾਂ ਨੂੰ ਯਾਦ ਕਰਵਾਉਣ ਪਿਛਲੇ ਕਈ ਦਿਨਾਂ ਤੋਂ ਪੀਏਯੂ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੀਏਯੂ ਫੇਰੀ ਨੂੰ ਲੈ ਕੇ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਚੁੱਕਾ ਹੈ। ਅਧਿਕਾਰੀਆਂ ਵੱਲੋਂ ਅੱਜ ਸਵੇਰ ਤੋਂ ਹੀ ਵਿਦਿਆਰਥੀਆਂ ਨੂੰ ਆਪਣਾ ਧਰਨਾ ਖਤਮ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਧਰਨਾ ਦੇ ਰਹੇ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਅੱਜ ਬੀਕੇਯੂ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਤੋਂ ਸੁਦਾਗਰ ਸਿੰਘ ਘੁਡਾਣੀ, ਚਰਨ ਸਿੰਘ ਨੂਰਪੁਰਾ, ਹਰਜਿੰਦਰ ਸਿੰਘ ਸਾਥੀਆਂ ਸਮੇਤ ਪਹੁੰਚੇ।
ਡੀਸੀ ਵੱਲੋਂ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੇਰ ਸ਼ਾਮ ਡੀਸੀ ਲੁਧਿਆਣਾ ਨੇ ਧਰਨਾ ਦੇ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਸਬੰਧਤ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਹਾਲਾਂਕਿ ਦੂਜੇ ਪਾਸੇ ਵਿਦਿਆਰਥੀ ਆਗੂ ਅੰਗਰੇਜ਼ ਮਾਨ ਅਤੇ ਅਮਿਤੋਜ਼ ਨੇ ਸਬੰਧਿਤ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਉਕਤ ਮੰਗਾਂ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ ਪਰ ਹਾਲਾਂ ਤੱਕ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੱਕ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਕੋਈ ਲਿਖਤੀ ਭਰੋਸਾ ਦਿੰਦਾ ਹੈ ਤਾਂ ਉਹ ਆਪਸੀ ਸਲਾਹ-ਮਸ਼ਵਰੇ ਨਾਲ ਕੋਈ ਨਾ ਕੋਈ ਫੈਸਲਾ ਲੈ ਸਕਦੇ ਹਨ।