ਗਗਨਦੀਪ ਅਰੋੜਾ
ਲੁਧਿਆਣਾ, 21 ਜੂਨ
ਫੁਆਰਾ ਚੌਕ ਬਿਜਲੀ ਦਫ਼ਤਰ ਦੇ ਅਧੀਨ ਆਉਂਦੇ ਛਾਉਣੀ ਮੁਹੱਲਾ ਬਿਜਲੀ ਦਫ਼ਤਰ ਦੇ ਬਾਹਰ ਠੇਕੇ ’ਤੇ ਭਰਤੀ ਬਿਜਲੀ ਮੁਲਾਜ਼ਮਾਂ ਨੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਵਿੱਚ ਰੋਸ ਹੈ ਕਿ ਉਨ੍ਹਾਂ ਦੇ ਇੱਕ ਸਾਥੀ ਨੂੰ ਖੰਭੇ ਤੋਂ ਡਿੱਗਣ ਕਾਰਨ ਗੰਭੀਰ ਸੱਟਾਂ ਲਗੀਆਂ ਹਨ। ਹਸਪਤਾਲ ਵਿੱਚ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਉਚ ਅਧਿਕਾਰੀ ਉਨ੍ਹਾਂ ਦਾ ਪਤਾ ਲੈਣ ਵੀ ਨਹੀਂ ਆਏ। ਧਰਨੇ ’ਤੇ ਬੈਠੇ ਠੇਕਾ ਮੁਲਾਜ਼ਮਾ ਨੇ ਦੋਸ਼ ਲਗਾਏ ਹਨ ਕਿ ਇਸ ਮਾਮਲੇ ਵਿੱਚ ਐਕਲੀਅਨ ਨੇ ਸਮੇਂ ਸਿਰ ਮਦਦ ਨਹੀਂ ਕੀਤੀ। ਫੱਟੜ ਮੁਲਾਜ਼ਮ ਵਿਜੈ ਕੁਮਾਰ ਦੇ ਰਿਸ਼ਤੇਦਾਰ ਬਲਜੀਤ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਮੌਕੇ ’ਤੇ ਐਕਸੀਅਨ ਮੌਜੂਦ ਸੀ। ਉਹ ਹਾਦਸੇ ਤੋਂ ਬਾਅਦ ਸਾਈਡ ’ਤੇ ਹੋ ਗਿਆ। ਇੰਨਾ ਹੀ ਨਹੀਂ ਫੱਟੜ ਵਿਅਕਤੀ ਨੂੰ ਉਹ ਆਪਣੇ ਸਰਕਾਰੀ ਪਿੱਕ ਅੱਪ ਗੱਡੀ ਵਿੱਚ ਲੈ ਕੇ ਹਸਪਤਾਲ ਪੁੱਜੇ। ਰਸਤੇ ਵਿੱਚ ਗੱਡੀ ਦੋ ਥਾਵਾਂ ’ਤੇ ਬੰਦ ਵੀ ਹੋਈ। ਹਸਪਤਾਲ ਲਿਜਾਂਦੇ ਹੋਏ ਦੇਰੀ ਹੋ ਗਈ ਸੀ। ਹੁਣ ਫੱਟੜ ਮੁਲਾਜ਼ਮ ਦੀ ਹਾਲਤ ਕਾਫੀ ਖਰਾਬ ਹੈ। ਚੀਫ਼ ਇੰਜਨੀਅਰ ਇੰਦਰਪਾਲ ਸਿੰਘ ਦਾ ਕਹਿਣਾ ਹੈ,‘‘ਐਕਸੀਅਨ ’ਤੇ ਜੋ ਦੋਸ਼ ਲੱਗ ਰਹੇ ਹਨ, ਉਹ ਗਲਤ ਹਨ, ਜੇ ਜ਼ਖਮੀ ਦੇ ਪਰਿਵਾਰ ਨੂੰ ਲਗਦਾ ਹੈ ਕਿ ਕਿਸੇ ਦੀ ਗਲਤੀ ਹੈ ਤਾਂ ਉਹ ਲਿਖਤੀ ਸ਼ਿਕਾਇਤ ਦੇਣ, ਵਿਭਾਗ ਵੱਲੋਂ ਉਸ ਦੀ ਜਾਂਚ ਕਰਵਾਈ ਜਾਏਗੀ। ਛਾਉਣੀ ਮੁਹੱਲੇ ਵਿੱਚ ਜੋ ਬਿਜਲੀ ਨਹੀਂ ਸੀ, ਉੱਥੇ ਟਰਾਂਸਫਾਰਮਰ ਖਰਾਬ ਸੀ, ਉਸ ਨੂੰ ਠੀਕ ਕਰਨ ਲਈ ਮੁਲਾਜ਼ਮਾਂ ਨੂੰ ਭੇਜ ਦਿੱਤਾ ਗਿਆ ਹੈ।’’
ਦੋ ਦਿਨ ਤੋਂ ਬਿਜਲੀ ਨਾ ਹੋਣ ਕਾਰਨ ਲੋਕਾਂ ਨੇ ਵੀ ਘੇਰਿਆ ਬਿਜਲੀ ਦਫ਼ਤਰ਼
ਛਾਉਣੀ ਮੁਹੱਲੇ ਇਲਾਕੇ ਵਿੱਚ ਰਹਿੰਦੇ ਵਸਨੀਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ 2 ਦਿਨਾਂ ਤੋਂ ਬਿਜਲੀ ਦੀ ਸਪਲਾਈ ਬੰਦ ਸੀ। ਇਲਾਕੇ ਵਿੱਚ ਟਰਾਂਸਫਾਰਮਰ ਖਰਾਬ ਹੈ। ਇਲਾਕਾ ਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਖਰਾਬ ਹੋਣ ਦੀ ਸ਼ਿਕਾਇਤ ਲੈ ਕੇ ਉਹ ਕਈ ਦਫ਼ਤਰਾਂ ਵਿੱਚ ਘੁੰਮਦੇ ਰਹੇ। ਪਰ ਕੋਈ ਸੁਣਵਾਈ ਨਹੀਂ ਹੋਈ। 2 ਦਿਨ ਤੱਕ ਬਿਜਲੀ ਸਪਲਾਈ ਨਾ ਹੋਣ ਕਾਰਨ ਪਾਣੀ ਦੀ ਵੀ ਬਹੁਤ ਮੁਸ਼ਕਲ ਆਈ। ਲੋਕਾਂ ਨੇ ਧਾਰਮਿਕ ਸਥਾਨਾਂ ’ਤੇ ਜਾ ਕੇ ਪਾਣੀ ਭਰ ਗੁਜ਼ਾਰਾ ਕੀਤਾ। ਲੋਕਾਂ ਦਾ ਰੋਸ ਹੈ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਹੋਰਨਾਂ ਸਿਆਸੀ ਆਗੂਆਂ ਨੇ ਪਾਣੀ ਦਾ ਟੈਂਕਰ ਤੱਕ ਨਹੀਂ ਭੇਜਿਆ। ਜਿਸ ਕਰ ਕੇ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਐੱਸਡੀਓ ਦੇ ਕਮਰੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਪਰ ਬਿਜਲੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੋਈ ਅਸਰ ਨਹੀਂ ਹੋਇਆ। ਜਿਸ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੇ ਬਿਜਲੀ ਦਫ਼ਤਰ ਦਾ ਗੇਟ ’ਤੇ ਬੈਠ ਧਰਨਾ ਲਗਾਇਆ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਉਨ੍ਹਾਂ ਦੀ ਸੁਣਵਾਈ ਕੀਤੀ ਤੇ ਉਨ੍ਹਾਂ ਦੇ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਠੀਕ ਕਰਨ ਲਈ ਮੁਲਾਜ਼ਮਾਂ ਨੂੰ ਭੇਜਿਆ।