ਪੱਤਰ ਪ੍ਰੇਰਕ
ਪਾਇਲ, 23 ਅਕਤੂਬਰ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ’ਤੇ ਰੋਸ ਜ਼ਾਹਰ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਛੇਵੇਂ ਦਿਨ ਦੇ ਧਰਨੇ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਝੋਨਾ ਖਰੀਦਣ ਲਈ ਜਾਣਬੁੱਝ ਕੇ ਆਨਾਕਾਨੀ ਕਰ ਰਹੀਆਂ ਹਨ ਅਤੇ ਇੱਕ-ਦੂਸਰੇ ’ਤੇ ਇਲਜ਼ਾਮ ਲਾ ਕੇ ਕਿਸਾਨਾਂ ਦੀ ਖੱਜਲ-ਖੁਆਰੀ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਅਸਲ ’ਚ ਸਰਕਾਰਾਂ ਸਰਕਾਰੀ ਖ਼ਰੀਦ ਤੋਂ ਭੱਜ ਰਹੀਆਂ ਹਨ ਤੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਨ ਤੇ ਪ੍ਰਾਈਵੇਟ ਵਪਾਰੀਆਂ ਦੇ ਵੱਸ ਪਾਉਣ ਦੀ ਤਿਆਰੀ ਕਰ ਰਹੀਆਂ ਹਨ ਜਿਸ ਤਹਿਤ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਤੇ ਹੁਣ ਵਿੰਗੇ ਟੇਢੇ ਤਰੀਕੇ ਨਾਲ ਮੰਡੀਆਂ ਨੂੰ ਤੋੜ ਕੇ ਐੱਮਐੱਸਪੀ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਹਾਜ਼ਰ ਆਗੂਆਂ ਨੇ ਕਿਹਾ ਕਿ ਇਨ੍ਹਾਂ ਚਾਲਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਆਪਣੀ ਲਾਮਬੰਦੀ ਮਜ਼ਬੂਰ ਕਰਨ ’ਤੇ ਵੀ ਜ਼ੋਰ ਦਿੱਤਾ। ਅੱਜ ਧਰਨੇ ਨੂੰ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਜਸਵੀਰ ਸਿੰਘ ਅਸ਼ਗਰੀਪੁਰ, ਮਨਜੀਤ ਸਿੰਘ ਘਲੋਟੀ ਅਤੇ ਕੁਲਦੀਪ ਸਿੰਘ ਟਿੰਬਰਵਾਲ ਨੇ ਸੰਬੋਧਨ ਕੀਤਾ।