ਗੁਰਿੰਦਰ ਸਿੰਘ
ਲੁਧਿਆਣਾ, 7 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸੈਂਕੜੇ ਵਰਕਰਾਂ ਵੱਲੋਂ ਅੱਜ ਥਾਣਾ ਡਾਬਾ ਬਾਹਰ ਧਰਨਾ ਦੇ ਕੇ ਪੁਲੀਸ ਦੇ ਪੱਖਪਾਤੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਪੁਲੀਸ ਦੀ ਗਲਤ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਜਪਾ ਕਿਸਾਨ ਮੋਰਚਾ ਦੇ ਇੱਕ ਵਰਕਰ ਉੱਤੇ ਇੱਕ ਝੂਠੀ ਐੱਫਆਈਆਰ ਦਰਜ ਕਰ ਕੇ ਉਸਦੀ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਸਾਰੇ ਮਾਮਲੇ ਦੀ ਨਿੰਦਾ ਕਰਦਿਆਂ ਪੁਲੀਸ ਤੋਂ ਸਹੀ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਇੱਕਪਾਸੜ ਕਾਰਵਾਈ ਕਰਦਿਆਂ ਭਾਜਪਾ ਵਰਕਰਾਂ ’ਤੇ ਅੱਤਿਆਚਾਰ ਕੀਤਾ ਹੈ ਜਿਸਨੂੰ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਪੁਲੀਸ ਅਧਿਕਾਰੀਆਂ ਨੇ ਥਾਣਾ ਡਾਬਾ ਪੁੱਜਕੇ ਭਾਜਪਾ ਆਗੂਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਮਿਲਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਵਰਕਰਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਪ੍ਰਵੀਨ ਬਾਂਸਲ, ਡਾ.ਕਨਿਕਾ ਜਿੰਦਲ, ਨਰਿੰਦਰ ਸਿੰਘ ਮੱਲੀ, ਨਵਲ ਜੈਨ, ਕਿਸਾਨ ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ, ਦਿਨੇਸ਼ ਕੁਮਾਰ, ਬੌਬੀ ਸ਼ਰਮਾ, ਵਰਿੰਦਰ ਸਹਿਗਲ, ਵਿਪਨ ਵਿਨਾਇਕ, ਸੁਰੇਸ਼ ਅਗਰਵਾਲ ਅਤੇ ਅੰਕੁਰ ਵਰਮਾ ਹਾਜ਼ਰ ਸਨ।