ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਅਕਤੂਬਰ
ਜਗਰਾਉਂ ਰੇਲਵੇ ਪਾਰਕ ਅਤੇ ਚੌਕੀਮਾਨ ਟੌਲ ’ਤੇ ਕਿਸਾਨਾਂ ਵੱਲੋਂ ਲਾਇਆ ਮੋਰਚਾ ਅੱਜ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਸੋਮਵਾਰ 18 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਕਿਹਾ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਜਗਰਾਉਂ ਤੇ ਚੌਕੀਮਾਨ ਰੇਲਵੇ ਸਟੇਸ਼ਨਾਂ ’ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾਣਗੇ ਅਤੇ ਇਸ ਸਮੇਂ ਦੌਰਾਨ ਕੋਈ ਰੇਲ ਗੱਡੀ ਨਹੀਂ ਚੱਲਣ ਦਿੱਤੀ ਜਾਵੇਗੀ।
ਸਥਾਨਕ ਰੇਲਵੇ ਪਾਰਕ ’ਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਕਾਰਪੋਰੇਟਾਂ ਨੂੰ ਅਰਬਾਂ ਖਰਬਾਂ ਦੇ ਫਾਇਦੇ ਪਹੁੰਚਾਉਣ ਲਈ ਭਾਜਪਾ ਦੀ ਮੋਦੀ ਹਕੂਮਤ 2024 ਤੱਕ ਪੂਰੇ ਦੇਸ਼ ਨੂੰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹੱਥਾਂ ’ਚ ਸੌਂਪ ਦੇਵੇਗੀ। ਇਹ ਵੱਡੇ ਕਾਰਪੋਰੇਟ ਅਡਾਨੀ-ਅੰਬਾਨੀ ਹੁਣ ਹਰ ਸ਼ਹਿਰ ’ਚ ਸੈਵਨ ਇਲੈਵਨ ਵਰਗੇ ਸਟੋਰ ਖੋਲ੍ਹ ਕੇ ਦੇਸ਼ ਭਰ ’ਚ ਪ੍ਰਚੂਨ ਵਪਾਰ ਨਾਲ ਜੁੜੇ ਚਾਰ ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਕਰ ਦੇਣਗੇ। ਇਹ ਕਾਰਪੋਰੇਟ ਉਸ ਸਮੇਂ ਇਹ ਨਹੀਂ ਵੇਖਣਗੇ ਕਿ ਇਹ ਪ੍ਰਚੂਨ ਕਾਰੋਬਾਰੀ ਭਾਜਪਾਈ ਹਨ ਜਾਂ ਕਾਂਗਰਸੀ। ਕਾਰਪੋਰੇਟਾਂ ਦਾ ਬੁਲਡੋਜ਼ਰ ਸਾਰਿਆਂ ’ਤੇ ਚੱਲੇਗਾ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਸਰਕਾਰੀ ਅਦਾਰਿਆਂ ਨੂੰ ਖਾਸ ਕਰਕੇ ਡਿਫੈਂਸ, ਬੀਮਾ, ਬਿਜਲੀ, ਬੈਂਕ, ਏਅਰਲਾਈਨ, ਤੇਲ ਕੰਪਨੀਆਂ ਦਾ ਨਿੱਜੀਕਰਨ ਕਰਕੇ ਵੱਡੇ ਪੂੰਜੀਪਤੀਆਂ ਦੇ ਮੁਨਾਫ਼ਿਆਂ ਨੂੰ ਜਰਬਾਂ ਦੇਣਾ ਚਾਹੁੰਦੀ ਹੈ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਜਿਹੀ ਹਾਲਤ ’ਚ ਅੱਕ ਕੇ ਲੋਕ ਬਾਗ਼ੀ ਹੁੰਦੇ ਹਨ ਤਾਂ ਸਰਕਾਰ ਕਾਲੇ ਕਾਨੂੰਨ ਲਿਆਉਂਦੀ ਹੈ। ਇਸੇ ਲਈ ਅੱਧੇ ਪੰਜਾਬ ਨੂੰ ਬੀਐੱਸਐੱਫ ਹਵਾਲੇ ਕਰਕੇ ਕੇਂਦਰ ਸ਼ਾਸਿਤ ਰਾਜ ਬਣਾ ਦਿੱਤਾ ਹੈ। ਕਸ਼ਮੀਰ ਵਾਂਗ ਹੁਣ ਮੋਦੀ ਸਰਕਾਰ ਪੰਜਾਬ ’ਚ ਸਿੱਧਾ ਦਖ਼ਲ ਦੇ ਕੇ ਹਰ ਵਿਰੋਧੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ। ਧਰਮ ਸਿੰਘ ਸੂਜਾਪੁਰ ਨੇ ਸਮੂਹ ਵਪਾਰੀ, ਕਾਰੋਬਾਰੀ, ਟਰੇਡ ਜਥੇਬੰਦੀਆਂ ਨੂੰ ਭਲਕ ਦੇ ਰੇਲ ਜਾਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਿਲ੍ਹਾ ਰਾਏਪੁਰ ਵਿੱਚ ਵੀ ਰੇਲਾਂ ਰੋਕਣ ਲਈ ਤਿਆਰੀਆਂ ਮੁਕੰਮਲ
ਗੁਰੂਸਰ ਸੁਧਾਰ(ਸੰਤੋਖ ਗਿੱਲ): ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਲਖੀਮਪੁਰ ਖੀਰੀ ਵਿੱਚ ਸ਼ਹੀਦ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਭਲਕੇ ਖ਼ੁਸ਼ਕ ਬੰਦਰਗਾਹ ਦੇ ਨੇੜੇ ਰੇਲਾਂ ਦਾ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਚੱਲ ਰਹੇ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਧਰਨੇ ਦੀ ਅਗਵਾਈ ਅਮਨਦੀਪ ਕੌਰ ਨੇ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਧਰਮਿੰਦਰ ਸਿੰਘ, ਗੁਰਦੇਵ ਸਿੰਘ ਆਸੀ, ਦਵਿੰਦਰ ਸਿੰਘ, ਗੁਲਜ਼ਾਰ ਸਿੰਘ, ਪ੍ਰਧਾਨ ਸੁਰਿੰਦਰ ਸਿੰਘ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਦਾ ਸੇਕ ਜਦੋਂ ਸੱਤਾਧਾਰੀਆਂ ਤੱਕ ਪਹੁੰਚਣ ਲੱਗਾ ਤਾਂ ਸਮੁੱਚੇ ਦੇਸ਼ ਦਾ ਧਿਆਨ ਲਾਂਭੇ ਕਰਨ ਲਈ ਇਕ ਡੂੰਘੀ ਸਾਜ਼ਿਸ਼ ਅਧੀਨ ਸਿੰਘੂ ਬਾਰਡਰ ਉੱਪਰ ਮੰਦਭਾਗੀ ਘਟਨਾ ਵਾਪਰੀ ਹੈ, ਇਸ ਤੋਂ ਸੁਚੇਤ ਹੋਣ ਦੀ ਲੋੜ ਹੈ।