ਸਤਵਿੰਦਰ ਬਸਰਾ
ਲੁਧਿਆਣਾ, 1 ਜੁਲਾਈ
ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕਈ ਸਾਲਾਂ ਤੋਂ ਉਡੀਕੇ ਜਾਂ ਰਹੇ ਪੇਅ-ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ’ਤੇ ਮੁਲਾਜ਼ਮਾਂ ’ਚ ਰੋਸ ਦੀ ਲਹਿਰ ਹੈ। ਇਸ ਭਖਦੇ ਮਸਲੇ ਸਬੰਧੀ ਅੱਜ ਕੌਂਸਲ ਡਿਪਲੋਮਾ ਇੰਜਨੀਅਰ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਜੂਨੀਅਰ ਇੰਜਨੀਅਰ ਨੇ ਪੇਅ-ਕਮਿਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਦਰਜ ਕਰਾਇਆ।
ਰੋਸ ਧਰਨੇ ਮੌਕੇ ਇੰਜ. ਜਗਜੀਤ ਸਿੰਘ ਜਵੰਦਾ ਅਤੇ ਹਾਜ਼ਰ ਆਗੂਆਂ ਨੇ ਪੰਜਾਬ ਮੰਤਰੀ ਮੰਡਲ ਵੱਲੋਂ ਜਾਰੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਮੁਢੋਂ ਰੱਦ ਕਰਦਿਆਂ ਕਿਹਾ ਕਿ ਸਰਕਾਰ ਨੇ ਭਾਵੇਂ ਇਹ ਰਿਪੋਰਟ 1 ਜਨਵਰੀ 2016 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ ਪਰ ਮੁਲਾਜ਼ਮਾਂ ਦਾ 1 ਜਨਵਰੀ 2016 ਤੋਂ 31 ਦਸੰਬਰ 2016 ਤੋਂ ਬਾਅਦ ਦਾ ਬਣਦਾ ਬਕਾਇਆ ਸਾਲ 2022 ਵਿੱਚ ਨਵੀਂ ਬਣਨ ਵਾਲੀ ਪੰਜਾਬ ਸਰਕਾਰ ਦੇ ਸਿਰ ਮੜ ਕਿ ਚਲਾਕੀ ਖੇਡੀ ਹੈ। ਇੰਜ. ਸੁਖਰਾਜ ਸਿੰਘ ਨੇ ਕਿਹਾ ਕਿ ਤਨਖਾਹ ਫਿਕਸ ਕਰਨ ਦਾ ਨਵਾਂ ਫਾਰਮੂਲਾ ਕੱਢ ਕੇ ਬਾਦਲ ਸਰਕਾਰ ਵੱਲੋਂ 1 ਅਕਤੂਬਰ 2011 ਅਤੇ 1 ਦਸੰਬਰ 2011 ਤੋਂ ਸੋਧੇ ਗਏ ਪੇਅ ਬੈਂਡ ਅਤੇ ਗ੍ਰੇਡ ਪੇਅ ਸਬੰਧੀ ਮੁਲਾਜ਼ਮਾਂ ਨੂੰ ਪੇਅ ਫਿਕਸੇਸ਼ਨ ਦੇ ਨਵੇਂ ਫਾਰਮੂਲੇ 2.59 ਅਤੇ 2.25 ਵਿੱਚ ਉਲਝਾ ਕੇ ਰੱਖ ਦਿੱਤਾ ਹੈ ਤਾਂ ਜੋ ਮੁਲਾਜ਼ਮ ਜੋੜ ਘਟਾਓ ਦੇ ਚੱਕਰਾਂ ਵਿੱਚ ਪੈ ਕੇ ਰਹਿ ਰਹਿਣ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਡਿਪਲੋਮਾ ਇੰਜਨੀਅਰਾਂ ਦਾ ਵਫ਼ਦ ਜਲਦ ਹੀ ਸਾਰੇ ਮੰਤਰੀਆਂ ਨੂੰ ਮਿਲ ਕੇ ਮੰਗ ਪੱਤਰ ਦੇਣਗੇ। 8-9 ਜੁਲਾਈ ਨੂੰ ਸੂਬੇ ਭਰ ਦੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾ ਕੇ ਸੂਬੇ ਭਰ ’ਚ ਚੱਲ ਰਹੇ ਵਿਕਾਸ ਕਾਰਜ ਠੱਪ ਕਰਨਗੇ। ਕੌਂਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਤ੍ਰਿਮ ਰਾਹਤ ਦੀ ਫ਼ਰਵਰੀ 2017 ਤੋਂ ਮਿਲੀ ਰਕਮ ਨੂੰ 31 ਦਸੰਬਰ 2015 ਤੋਂ ਗਿਣ ਕੇ ਪੇਅ ਫਿਕਸੇਸ਼ਨ ਫਾਰਮੂਲਾ ਤਹਿ ਕੀਤਾ ਜਾਵੇ। ਅੱਜ ਦੇ ਰੋਸ ਧਰਨੇ ਵਿੱਚ ਇੰਜ. ਪ੍ਰੇਮ ਸਿੰਘ, ਇੰਜ. ਗੁਰਦਰਸ਼ਨ ਸਿੰਘ ਗਰੇਵਾਲ, ਇੰਜ. ਅਜੇ ਭਨੋਟ, ਇੰਜ. ਸੁਖਵਿੰਦਰ ਸਿੰਘ, ਇੰਜ. ਹਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।