ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਜੂਨ
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਦਿੱਖ ਸਵਾਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਅਜਿਹੇ ਨਹੀਂ ਹਨ। ਲੋਕਾਂ ਲਈ ਲਾਏ ਦਿਸ਼ਾ ਸੂਚਕਾਂ ’ਤੇ ਪੰਜਾਬੀ ’ਚ ਪਿੰਡਾਂ ਦੇ ਨਾਂਅ ਗਲਤ ਲਿਖ ਕੇ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਇਥੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਹੀ। ਉਨ੍ਹਾਂ ਕਿਹਾ ਕਿ ਪਿੰਡ ਰੋਹਣੋਂ ਖ਼ੁਰਦ ਤੇ ਇਸ਼ਨਪੁਰ ਨੂੰ ਜਾਂਦੀ ਸੜਕ ’ਤੇ ਲੱਗੇ ਦਿਸ਼ਾ ਸੂਚਕ ਬੋਰਡ ’ਤੇ ਪਿੰਡ ਦਾ ਨਾਂਅ ਇਸ਼ਾਨਪੁਰ ਲਿਖਿਆ ਗਿਆ ਹੈ। ਭਾਵੇਂ ਇਸ ਬੋਰਡ ਨੂੰ ਇਸੇ ਤਰ੍ਹਾਂ ਚਾਰ ਸਾਲ ਬੀਤ ਗਏ ਹਨ ਪਰ ਕਿਸੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਅਜਿਹੀਆਂ ਗਲਤੀਆਂ ਹੈਰਾਨ ਕਰਨ ਵਾਲੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦਿਸ਼ਾ ਸੂਚਕ ਬੋਰਡਾਂ ’ਤੇ ਮਾਂ ਬੋਲੀ ਸ਼ੁੱਧ ਰੂਪ ’ਚ ਲਿਖੀ ਜਾਵੇ। ਇਸ ਮੌਕੇ ਗੁਰਮੇਲ ਸਿੰਘ, ਅਮਰਜੀਤ ਕੌਰ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ।