ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਸਤਲੁਜ, ਮੱਤੇਵਾੜਾ ਜੰਗਲ, ਮਿੱਟੀ ਅਤੇ ਬੁੱਢਾ ਦਰਿਆ ਨੂੰ ਹੋਰ ਪ੍ਰਦੂਸ਼ਣ ਅਤੇ ਨਿਘਾਰ ਤੋਂ ਬਚਾਉਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਸਤਲੁਜ ਅਤੇ ਮੱਤੇਵਾੜਾ ਜੰਗਲ ਦੇ ਨੁਮਾਇੰਦਿਆਂ ਤੋਂ ਇਲਾਵਾ ਸਮਾਜ ਸੇਵਕ, ਵਾਤਾਵਰਣ ਪ੍ਰੇਮੀ, ਸਾਈਕਲ ਸਵਾਰ ਅਤੇ ਫੋਟੋਗ੍ਰਾਫਰਾਂ ਨੇ ਹਿੱਸਾ ਲਿਆ।
ਵਿਚਾਰ-ਚਰਚਾ ਦੇ ਅਰੰਭ ਵਿੱਚ ਮਹਿੰਦਰ ਸਿੰਘ ਸੇਖੋਂ ਨੇ ਵਾਤਾਵਰਣ ਅਤੇ ਵਾਤਾਵਰਣ ਬਚਾਉਣ ਦੇ ਅੰਦੋਲਨ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਅੰਦੋਲਨ ਵਿੱਚ ਸਰਗਰਮ ਭਾਗੀਦਾਰੀ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਰਣਜੋਧ ਸਿੰਘ ਨੇ ਨੌਜਵਾਨਾਂ ਨੂੰ ਰਾਜ ਦੇ ਵਿਗੜ ਰਹੇ ਵਾਤਾਵਰਣ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਉਣ ਦੀ ਜ਼ਰੂਰਤ ਮਹਿਸੂਸ ਕੀਤੀ। ਕਰਨਲ ਚੰਦਰ ਮੋਹਨ ਲਖਨਪਾਲ ਨੇ ਕਿਹਾ ਕਿ ਪੀਏਸੀ ਸਹੀ ਦਿਸ਼ਾ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਜ਼ਰੂਰੀ ਹੈ ਪਰ ਵਾਤਾਵਰਣ ਨੂੰ ਬਚਾਉਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਚਰਚਾ ਦੌਰਾਨ ਸਮੂਹ ਬੁਲਾਰਿਆਂ ਨੇ ਸਤਲੁਜ ਦਰਿਆ, ਮੱਤੇਵਾੜਾ ਜੰਗਲ, ਜੈਵ ਵਿਭਿੰਨਤਾ, ਮਿੱਟੀ, ਮੱਤੇਵਾੜਾ ਦੇ ਹੜ੍ਹਾਂ ਦੇ ਮੈਦਾਨਾਂ ਅਤੇ ਬੁੱਢਾ ਦਰਿਆ ਆਦਿ ਦੇ ਵਾਤਾਵਰਣ ਸਬੰਧੀ ਮੁੱਦਿਆਂ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਮੈਦਾਨਾਂ ਅਤੇ ਪਾਣੀ ਦੇ ਭੰਡਾਰਾਂ ਦੇ ਮੌਜੂਦਾ ਸਰੋਤਾਂ ਦੀ ਰੱਖਿਆ ਲਈ ਰਾਜ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਸਤਲੁਜ ਦੇ ਕਿਸੇ ਵੀ ਕਿਨਾਰੇ 15 ਕਿਲੋਮੀਟਰ ਪੱਟੀ ਦੇ ਅੰਦਰ ਉਦਯੋਗਿਕ ਪ੍ਰੋਜੈਕਟ ਲਗਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਕੁਦਰਤੀ ਭੰਡਾਰਾਂ ਨੂੰ ਹਰ ਕੀਮਤ ’ਤੇ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਰਾਜ ਨੂੰ ਸਾਫ, ਹਰਾ ਅਤੇ ਸਿਹਤਮੰਦ ਬਣਾਉਣ ਲਈ ਖਰਾਬ ਹੋਏ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਫੈਸਲਾ ਹੋਇਆ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ 23 ਅਕਤੂਬਰ ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ‘ਵਾਤਾਵਰਣ ਦੇ ਰਾਖੇ’ ’ਤੇ ਪਹਿਲਾ ਸੈਮੀਨਾਰ ਕਰਵਾਇਆ ਜਾਵੇਗਾ। ਇਸ ਵਿੱਚ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੀਏਸੀ ਨੇ ਵੀ ਲੋਕਾਂ ਨੂੰ ‘ਵਾਤਾਵਰਣ ਦੇ ਰਾਖੇ’ ਬਣਨ ਦੀ ਅਪੀਲ ਕੀਤੀ। ਇਸ ਦੌਰਾਨ ਕਮੇਟੀ ਨੇ ਮੱਤੇਵਾੜਾ ਦੇ ਜੰਗਲਾਂ ਅਤੇ ਆਲੇ-ਦੁਆਲੇ ਦੇ ਪਸ਼ੂਆਂ ਅਤੇ ਪੰਛੀਆਂ ਨੂੰ ਭੋਜਨ ਦੇਣ ਲਈ ‘ਭੂਰੀਵਾਲੇ ਵਾਤਾਵਰਣ ਸਮੂਹ’ ਨਾਲ ਹੱਥ ਮਿਲਾਇਆ ਹੈ।
ਕੈਪਸ਼ਨ: ਮੱਤੇਵਾੜਾ ਜੰਗਲ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਹੋਈ ਚਰਚਾ ਵਿੱਚ ਸ਼ਾਮਲ ਪਤਵੰਤੇ। -ਫੋਟੋ: ਬਸਰਾ