ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਨਵੰਬਰ
ਸਾਹਿਤ ਸਭਾ ਦੇ ਮੋਢੀ ਮੈਂਬਰ ਹਰਬੰਸ ਅਖਾੜਾ ਦੇ ਕਹਾਣੀ ਸੰਗ੍ਰਹਿ ‘ਆਂਦਰਾਂ ਦਾ ਸੇਕ’ ਉੱਤੇ ਸਭਾ ਵੱਲੋਂ ਵਿਚਾਰ ਗੋਸ਼ਟੀ ਕਰਵਾਈ ਗਈ । ਸਾਹਿਤ ਸਭਾ ਦੇ ਅਵਤਾਰ ਜਗਰਾਉਂ ਦੀ ਅਗਵਾਈ ਅਤੇ ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸ਼ੁਰੂਆਤੀ ਪਲਾਂ ਦੌਰਾਨ ਸੁਰਿੰਦਰ ਰਾਮਪੁਰੀ, ਉੱਘੀ ਗਾਇਕਾ ਗੁਰਮੀਤ ਬਾਵਾ ਅਤੇ ਹੋਰ ਵਿਛੋੜਾ ਦੇ ਗਈਆਂ ਸਾਹਿਤ ਨਾਲ ਜੁੜੀਆਂ ਸ਼ਖਸ਼ੀਅਤਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਉਪਰੰਤ ਕਹਾਣੀ ਸੰਗ੍ਰਹਿ ‘ਆਂਦਰਾਂ ਦਾ ਸੇਕ’ ਤੇ ਵਿਚਾਰ ਚਰਚਾ ਸ਼ੁਰੂ ਹੋਈ ਜਿਸ ਵਿੱਚ ਸੁਰਜੀਤ ਦੌਧਰ ਨੇ ਪਰਚਾ ਪੜ੍ਹਿਆ। ਹਰਚੰਦ ਗਿੱਲ ਨੇ ਲੇਖਕ ਹਰਬੰਸ ਅਖਾੜਾ ਦੇ ਜਵਿਨ ’ਤੇ ਝਾਤ ਪਾਈ । ਲੇਖਕ ਈਟੀਓਐੱਚਐੱਸ ਡਿੰਪਲ ਨੇ ਕਿਹਾ ਕਿ ਕਹਾਣੀਕਾਰ ਆਲੋਚਕ ਤੋਂ ਵੱਡਾ ਹੁੰਦਾ ਹੈ। ਕਹਾਣੀਕਾਰ ਨੇ ਕਹਾਣੀ ਵਿੱਚ ਸਮੁੱਚ ਪੇਸ਼ ਕਰਨੀ ਹੁੰਦੀ ਹੈ ਜਦਿ ਕਿ ਆਲੋਚਕ ਨੇ ਕਹਾਣੀ ਦਾ ਵਿਸ਼ਲੇਸਣ। ਹੋਰਨਾਂ ਤੋਂ ਇਲਾਵਾ ਭੁਪਿੰਦਰ ਧਾਲੀਵਾਲ, ਹਰਕੋਮਲ ਬਰਿਆਂਰ, ਦਲਜੀਤ ਹਠੂਰ ਅਤੇ ਗੁਰਜੀਤ ਸਹੋਤਾ ਨੇ ਵਿਚਾਰ ਸਾਂਝੇ ਕੀਤੇ । ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਨੇ ਆਖਾੜਾ ਦੇ ਸਾਹਿਤਕ ਸਫਰ ਦੀ ਗੱਲ ਕਰਦਿਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।