ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਘੁਮਾਰ ਮੰਡੀ ਸਥਿਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀਜੀਐਨਆਈਐਮਟੀ) ਵਿਚ ਅੱਜ ਕੇਂਦਰੀ ਬਜਟ-2024 ’ਤੇ ਚਰਚਾ ਹੋਈ। ਅਧਿਆਪਕਾਂ ਵੱਲੋਂ ਸਮੁੱਚੀ ਆਰਥਿਕਤਾ, ਰੇਲਵੇ, ਬੁਨਿਆਦੀ ਢਾਂਚਾ, ਟੈਕਸ, ਸਿੱਖਿਆ ਅਤੇ ਸੇਵਾ ਖੇਤਰ, ਨਿਰਮਾਣ ਉਦਯੋਗ ਅਤੇ ਬਜਟ ਦੇ ਖੇਤਰੀ ਦ੍ਰਿਸ਼ਟੀਕੋਣ ਵਰਗੇ ਵੱਖ-ਵੱਖ ਖੇਤਰਾਂ ’ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਸਮਾਗਮ ਕਾਲਜ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਵੱਲੋਂ ਕੀਤਾ ਗਿਆ। ਕਾਲਜ ਦੇ ਅਧਿਆਪਨ ਫੈਕਲਟੀ ਤੋਂ ਇਲਾਵਾ 100 ਤੋਂ ਵੱਧ ਵਿਦਿਆਰਥੀਆਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਆਰਥਿਕ ਸੂਝ-ਬੂਝ ਅਤੇ ਰਾਜਨੀਤਿਕ ਨਿਰਪੱਖਤਾ ਦੇ ਸੰਤੁਲਨ ਬਾਰੇ ਵੀ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਤੇ ਆਮਦਨ ਅਤੇ ਆਰਥਿਕ ਖੇਤਰਾਂ ਲਈ ਸਰੋਤਾਂ ਦੀ ਵੰਡ ਦੇ ਸਬੰਧ ਵਿੱਚ ਦੱਸਿਆ ਗਿਆ।
ਬਜਟ ਕਿਸਾਨ ਤੇ ਮਜ਼ਦੂਰ ਵਿਰੋਧੀ: ਐੱਮਸੀਪੀਆਈ
ਦੋਰਾਹਾ (ਪੱਤਰ ਪ੍ਰੇਰਕ): ਇਥੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਿਡ) ਦੇ ਮੈਂਬਰਾਂ ਦੀ ਇਕੱਤਰਤਾ ਕੁਲਦੀਪ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਵਨ ਕੁਮਾਰ ਕੌਸ਼ਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਅੰਤਰਿਮ ਬਜਟ ਦਿਸ਼ਾਹੀਣ ਅਤੇ ਚੁਣਾਵੀਂ ਬਜਟ ਹੈ। ਇਸ ਵਿਚ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕੋਈ ਵਿਵਸਥਾ ਨਹੀਂ, ਸਬਸਿਡੀ ਨਹੀਂ, ਅੰਤ ਦੀ ਮਹਿੰਗਾਈ ਵਿਚ ਮਜ਼ਦੂਰਾਂ ਤੇ ਆਮ ਲੋਕਾਂ ਲਈ ਕੋਈ ਰਾਹਤ ਨਹੀਂ, ਆਮਦਨ ਕਰ ਵਿਚ ਆਮ ਵਰਗ ਕੋਈ ਰਿਆਇਤ ਨਹੀਂ, ਸਨਅਤਾਂ, ਬੇਰੁਜ਼ਗਾਰੀ, ਮਹਿੰਗਾਈ ਦੂਰ ਕਰਨ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ।