ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਨਵੰਬਰ
ਇੱਥੋਂ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿੱਚ ਸਾਬਕਾ ਸੈਨਿਕ ਵੈਲਫ਼ੇਅਰ ਦੇ ਮੈਬਰਾਂ ਦੀ ਇੱਕਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਬਕਾ ਸੈਨਿਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੈਪਟਨ ਮਾਜਰੀ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਦੀ ਲੜਾਈ ਆਪ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਗਰੇਜ਼ਾਂ ਵਾਲੀ ਆਪਸ ਵਿਚ ਲੜਾਈ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਹਰ ਵਰਗ ਨਾਲ ਬੇਇਨਸਾਫ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਲਈ ਕੁਝ ਨਹੀਂ ਕੀਤਾ ਅਤੇ ਸਾਬਕਾ ਸੈਨਿਕ ਪਿਛਲੇ ਲੰਬੇ ਸਮੇਂ ਤੋਂ ‘ਇਕ ਰੈਂਕ-ਇਕ ਪੈਨਸ਼ਨ’ ਲਈ ਧਰਨੇ ’ਤੇ ਬੈਠੇ ਹਨ ਪਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਇੱਕ ਹੋਰ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਬੁਢਾਪੇ ਵਿਚ ਆਪਣੇ ਹੱਕਾਂ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ।
ਇਸ ਮੌਕੇ ਜਗਰੂਪ ਸਿੰਘ, ਸੂਬੇਦਾਰ ਰੱਬੀਂ ਸਿੰਘ, ਮੇਵਾ ਸਿੰਘ, ਸਤਿੰਦਰਪਾਲ ਸਿੰਘ, ਗੁਰਮੇਲ ਸਿੰਘ, ਰਾਮ ਮੋਹਨ ਅਤੇ ਕਰਨੈਲ ਸਿੰਘ ਹਾਜ਼ਰ ਸਨ।