ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਜੁਲਾਈ
ਇਥੋਂ ਦੀ ਇਕ ਲਿਨਫੌਕਸ ਕੰਪਨੀ ਵਿਚੋਂ ਨਾਜਾਇਜ਼ ਕੱਢੇ ਕਿਰਤੀਆਂ ਨੇ ਮਾਮਲੇ ਦੀ ਜਾਂਚ ਅਤੇ ਕਿਰਤੀਆਂ ਦੀਆਂ ਹੱਕੀਂ ਮੰਗਾਂ ਨੂੰ ਤੁਰੰਤ ਹੱਲ ਲਈ ਤਹਿਸੀਲਦਾਰ ਨਵਦੀਪ ਸਿੰਘ ਤੇ ਏਡੀਸੀ ਸਕੱਤਰ ਸਿੰਘ ਬੱਲ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ 8 ਰੈਗੂਲਰ ਕਰਮਚਾਰੀ ਨੌਕਰੀ ਤੋਂ ਨਾਜਾਇਜ਼ ਕੱਢੇ ਹੋਏ ਹਨ, ਕੰਮ ਕਰਦੇ ਸਮੂਹ (ਕੱਚੇ-ਪੱਕੇ) ਸੈਂਕੜੇ ਕਾਮਿਆਂ ਦੀ 10 ਦਿਨਾਂ ਦੀ ਤਨਖਾਹ ’ਚ ਕਟੌਤੀ ਕੀਤੀ ਗਈ ਅਤੇ ਜਥੇਬੰਦ ਹੋਣ ਦੇ ਸੰਵਿਧਾਨਕ ਤੇ ਜਮਹੂਰੀ ਅਧਿਕਾਰਾਂ ਨੂੰ ਖਤਮ ਕਰਕੇ ਕੰਪਨੀ ਨੇ ਸ਼ਰਤਨਾਮੇ ਤੇ ਦਸਤਖ਼ਤ ਕਰਵਾ ਕੇ ਹੋਰ ਨਿਗੁੂਣੀਆਂ ਤਨਖਾਹਾਂ ’ਤੇ ਨਵੀਂ ਭਰਤੀ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪਹਿਲਾਂ ਵੀ ਕਿਰਤ ਵਿਭਾਗ ਕੋਲ ਕੀਤੀ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਜਾਂਚ ਦੇ ਨਾਂ ’ਤੇ ਕਿਰਤੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਵੱਲੋਂ ਮੁਅੱਤਲ ਕੀਤੇ ਕਾਮਿਆਂ ਦੇ ਮਾਮਲੇ ਦੀ ਜਾਂਚ ਖੰਨਾ ਸ਼ਹਿਰ ਵਿਚ ਕੀਤੀ ਜਾਵੇ। ਏਡੀਸੀ ਬੱਲ ਨੇ ਤੁਰੰਤ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਇਨਸਾਫ਼ ਲਈ ਲਿਖ ਕੇ ਭੇਜਣ ਦਾ ਭਰੋਸਾ ਦਿਵਾਇਆ।