ਗੁਰਿੰਦਰ ਸਿੰਘ
ਲੁਧਿਆਣਾ, 3 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਖ਼ਾਸਤ ਪੰਜ ਪਿਆਰਿਆਂ ਭਾਈ ਬਲਬੀਰ ਸਿੰਘ, ਭਾਈ ਮੇਜਰ ਸਿੰਘ, ਭਾਈ ਕੋਮਲ ਸਿੰਘ, ਭਾਈ ਕੁਲਵੰਤ ਸਿੰਘ ਅਤੇ ਭਾਈ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਨਵੀਂ ਸਿਟ ਦਾ ਵੀ ਕੋਈ ਨਤੀਜਾ ਨਹੀਂ ਆਉਣ ਵਾਲਾ ਕਿਉਂਕਿ ਕੈਪਟਨ ਸਰਕਾਰ ਸਿਰਫ਼ ਖਾਨਾਪੂਰਤੀ ਲਈ ਹੀ ਕੰਮ ਕਰ ਰਹੀ ਹੈ। ਉਹ ਅੱਜ ਸਵਰਗਵਾਸੀ ਜਥੇਦਾਰ ਉਜਾਗਰ ਸਿੰਘ ਛਾਪਾ ਦੀ ਪਤਨੀ ਨਸੀਬ ਕੌਰ ਦੇ ਗ੍ਰਹਿ ਜਸਵੰਤ ਸਿੰਘ ਛਾਪਾ ਨਾਲ ਪੰਥਕ ਵਿਚਾਰਾਂ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਪੰਜ ਪਿਆਰਿਆਂ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਆਨ ਅਤੇ ਸ਼ਾਨ ਦੀ ਬਰਕਰਾਰੀ ਲਈ ਸੁਖਬੀਰ ਸਿੰਘ ਬਾਦਲ ਨੂੰ ਕੁੱਝ ਦਿਨਾਂ ਲਈ ਜੇਲ੍ਹ ਭੇਜ ਦੇਵੇ ਤਾਂ ਕਿ ਉਹ 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕਰ ਸਕਣ।
ਉਨ੍ਹਾਂ ਕਿਹਾ ਕਿ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਬਰਗਾੜੀ ਘਟਨਾ ਦੀ ਜਾਂਚ ਕੀਤੀ ਸੀ ਪਰ ਉਸ ਰਿਪੋਰਟ ਨੂੰ ਰੱਦ ਕਰਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।