ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਸਤੰਬਰ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿੱਖੇ ਇੱਕ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸੱਤ ਸ਼ਖ਼ਸੀਅਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬਾਵਾ ਰਵਿੰਦਰ ਨੰਦੀ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਕਰਨੈਲ ਸਿੰਘ ਗਿੱਲ ਸੂਬਾ ਪ੍ਰਧਾਨ, ਤ੍ਰਿਲੋਚਨ ਬਾਵਾ ਪ੍ਰਧਾਨ ਬੈਰਾਗੀ ਮਹਾਂਮੰਡਲ ਲੁਧਿਆਣਾ ਦਿਹਾਤੀ ਅਤੇ ਮਲਕੀਤ ਸਿੰਘ ਦਾਖਾ ਸਰਪ੍ਰਸਤ ਵੱਲੋਂ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਆਗਿਆਪਾਲ ਸਿੰਘ, ਮਨਦੀਪ ਕੌਰ, ਰਾਜੂ ਬਾਜੜਾ, ਸਵਰਨ ਸਿੰਘ ਖਵਾਜਕੇ, ਪ੍ਰਦੀਪ ਬਾਵਾ ਕੈਨੇਡਾ, ਹਰਜੀਤ ਕੌਰ ਲੋਟੇ ਅਤੇ ਦਰਸ਼ਨ ਲੋਟੇ ਨੂੰ ਸਨਮਾਨਿਤ ਕੀਤਾ ਗਿਆ ਅਤੇ ‘ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਟ ਕੀਤੀ ਗਈ।
ਇਸ ਮੌਕੇ ਸ੍ਰੀ ਬਾਵਾ ਨੇ ਦੱਸਿਆ ਕਿ ‘ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਅਤੇ ਸੈਕਰੋਮੈਂਟੋ ਵਿੱਚ ਚਰਚ ਵਿੱਚ ਵੀ ਰਿਲੀਜ਼ ਕਰਵਾ ਕੇ ਇਤਿਹਾਸ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਸਿੱਧ ਮਹੰਤ, ਜਸਮੇਲ ਸਿੰਘ ਸਿੱਧੂ ਰਕਬਾ, ਸਰਪ੍ਰਸਤ ਜੇਪੀ ਖਹਿਰਾ ਆਦਿ ਵਧਾਈ ਦੇ ਪਾਤਰ ਹਨ ਜਿਨ੍ਹਾਂ ਸਦਕਾ ਫਾਊਂਡੇਸ਼ਨ ਵੱਲੋਂ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਣੀਪਤ ਦੀਆਂ ਹਾਰੀਆਂ ਲੜਾਈਆਂ ਨਹੀਂ ਸਗੋਂ ਸਰਹਿੰਦ ਦੀ ਫਤਿਹ ਦਾ ਪਾਠਕ੍ਰਮ ਵੀ ਸਕੂਲੀ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਦੋ ਸਾਲ ਦੇ ਅੰਦਰ ਕਰਕੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਗੌਰਵਮਈ ਇਤਿਹਾਸ ਰਚਿਆ। ਇਸ ਮੌਕੇ ਫਾਊਂਡੇਸ਼ਨ ਵੱਲੋਂ ਗੁਰਜੰਟ ਸਿੰਘ ਜੰਟਾ ਨੂੰ ਫਾਊਂਡੇਸ਼ਨ ਦਾ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਮਾਗਮ ਦੌਰਾਨ ਯੂਥ ਨੇਤਾ ਦੀਪੀ ਬਾਵਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਰਣਵੀਰ ਬਾਵਾ ਆਦਿ ਹਾਜ਼ਰ ਸਨ।