ਗਗਨਦੀਪ ਅਰੋੜਾ
ਲੁਧਿਆਣਾ, 20 ਅਗਸਤ
ਜ਼ਿਲ੍ਹਾ ਲੁਧਿਆਣਾ ਵਿੱਚ ਪੰਜਵੇਂ ਪੜਾਅ ਤਹਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਖੇਤੀ ਮੈਂਬਰਾਂ ਲਈ ਕਿਸਾਨ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਅੱਜ ਕੀਤੀ ਗਈ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ, ਕੁਲਦੀਪ ਵੈਦ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ੁਰੂਆਤ ਕੀਤੀ। ਲੁਧਿਆਣਾ ਜ਼ਿਲ੍ਹੇ ਦੇ ਹਲਕਾ ਰਾਏਕੋਟ, ਦਾਖਾ, ਗਿੱਲ, ਜਗਰਾਉਂ, ਖੰਨਾ, ਲੁਧਿਆਣਾ ਪੱਛਮੀ, ਪਾਇਲ, ਸਾਹਨੇਵਾਲ ਅਤੇ ਸਮਰਾਲਾ ਵਿੱਚ ਹੋਏ 9 ਵੱਖ-ਵੱਖ ਸਮਾਗਮਾਂ ਵਿੱਚ 21,455 ਲਾਭਪਾਤਰੀਆਂ ਦੇ 23.54 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪੰਜਵੇਂ ਪੜਾਅ ਤਹਿਤ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਖੇਤੀ ਮੈਂਬਰਾਂ ਲਈ ਕਿਸਾਨ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਸਥਾਨਕ ਐੱਸ.ਡੀ.ਐੱਮ. ਦਫ਼ਤਰ ਵਿੱਚ ਕੀਤੀ ਗਈ। ਡਾ. ਅਮਰ ਸਿੰਘ ਨੇ ਕਿਹਾ ਕਿ ਕਰਜ਼ਾ ਰਾਹਤ ਸਕੀਮ ਦਾ ਇਹ 5ਵਾਂ ਪੜਾਅ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸੁਖਾਲਾ ਕਰੇਗਾ। ਇਸ ਮੌਕੇ ਪਲੈਨਿੰਗ ਅਫ਼ਸਰ ਦਲਬੀਰ ਸਿੰਘ ਨੇ ਦੱਸਿਆ ਕਿ ਐੱਸਟੀਐੱਨਏ ਸਕੀਮ ਤਹਿਤ ਤਹਿਸੀਲ ਰਾਏਕੋਟ ਦੇ 54 ਪਿੰਡਾਂ ਦੇ 4733 ਵਿਅਕਤੀਆਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਜਿਸ ਦੀ ਕੁੱਲ ਰਕਮ 4 ਕਰੋੜ 82 ਲੱਖ 62 ਹਜ਼ਾਰ ਦਾ ਫਾਰਮ ਲੇਬਰ ਅਤੇ ਬੇਜ਼ਮੀਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਵਾਅਦਾ ਪੂਰਾ ਕੀਤਾ: ਦਾਖਾ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਇਥੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਵੰਡੇ। ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਹੋਏ ਤਹਿਸੀਲ ਦੇ ਵੱਖ-ਵੱਖ ਪਿੰਡਾਂ ’ਚੋਂ ਸਿਰਫ ਪੰਜ ਕਿਸਾਨ ਸੱਦੇ ਗਏ ਸਨ। ਇਨ੍ਹਾਂ ਨੂੰ ਚੇਅਰਮੈਨ ਦਾਖਾ ਨੇ ਸਬ-ਡਿਵੀਜ਼ਨਲ ਮੈਜਿਸਟਰੇਟ ਵਿਕਾਸ ਹੀਰਾ ਨਾਲ ਮਿਲ ਕੇ ਕਰਜ਼ਾ ਰਾਹਤ ਪ੍ਰਮਾਣ ਪੱਤਰ ਦੇ ਕੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਲਈ ਕਰਜ਼ਾ ਮੁਆਫ਼ੀ ਸਕੀਮ ਦੀ ਸ਼ੁਰੂਆਤ ਕੀਤੀ। ਚੇਅਰਮੈਨ ਦਾਖਾ ਨੇ ਦੱਸਿਆ ਕਿ ਜਗਰਾਉਂ ਤਹਿਸੀਲ ਦੀਆਂ ਕੁੱਲ 25 ਸਹਿਕਾਰੀ ਸਭਾਵਾਂ ਦੇ 2901 ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ 3 ਕਰੋੜ 90 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ।