ਸਤਵਿੰਦਰ ਬਸਰਾ
ਲੁਧਿਆਣਾ, 1 ਅਗਸਤ
ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਲਾਮਿਸਾਲ ਉਪਲੱਬਧੀ ਹਾਸਲ ਕਰਦਿਆਂ ਜ਼ਿਲ੍ਹਾ ਲੁਧਿਆਣਾ ਨੇ ਐਤਵਾਰ ਨੂੰ 1.5 ਮਿਲੀਅਨ (15 ਲੱਖ) ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਬੀਤੀ 16 ਜਨਵਰੀ ਤੋਂ ਸ਼ੁਰੂ ਹੋਈ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਲੋਕਾਂ ਦੀ ਸਭ ਤੋਂ ਵੱਧ ਕਵਰੇਜ ਦੇ ਨਾਲ ਲੁਧਿਆਣਾ ਜ਼ਿਲ੍ਹਾ ਪਹਿਲਾਂ ਹੀ ਸੂਬੇ ਦੀ ਅਗਵਾਈ ਕਰ ਰਿਹਾ ਹੈ, ਨੇ ਸਪਲਾਈ ਵਿੱਚ ਘਾਟ ਹੋਣ ਦੇ ਬਾਵਜੂਦ ਸਿਰਫ 43 ਦਿਨਾਂ ਵਿੱਚ 5 ਲੱਖ ਟੀਕਾਕਰਨ ਕੀਤਾ ਹੈ। ਜ਼ਿਲ੍ਹੇ ਨੇ ਇਸ ਸਾਲ 19 ਜੂਨ ਨੂੰ ਇੱਕ ਮਿਲੀਅਨ (10 ਲੱਖ) ਟੀਕਾਕਰਨ ਦੇ ਅੰਕੜੇ ਨੂੰ ਛੂਹਿਆ ਸੀ। ਡਾਕਟਰਾਂ, ਪੈਰਾ-ਮੈਡੀਕਲ ਸਟਾਫ ਅਤੇ ਲੋਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਲੁਧਿਆਣਾ ਸੈਂਂਟਰਲ ਦੇ ਵਿਧਾਇਕ ਸੁਰਿੰਦਰ ਡਾਵਰ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਮਮਤਾ ਆਸ਼ੂ ਨੇ ਇਸ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਮਹਾਮਾਰੀ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ। ਉਹ ਖਾਸ ਕਰਕੇ ਸਿਹਤ ਵਿਭਾਗ ਨੂੰ ਵਧਾਈ ਦੇਣ ਲਈ ਸਿਵਲ ਹਸਪਤਾਲ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਵਾਇਰਸ ’ਤੇ ਲਗਾਮ ਲਗਾਉਣ ਲਈ ਟੀਕਾ ਹੀ ਇਕੋ-ਇਕ ਪ੍ਰਭਾਵਸ਼ਾਲੀ ਹਥਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰੇਕ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਡੀਸੀ ਨੇ ਕਿਹਾ ਕਿ ਵੈਕਸੀਨ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਬਿਨਾਂ ਦੇਰੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਡੀ.ਐਮ.ਸੀ.ਐਚ. ਲੁਧਿਆਣਾ ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਵੈਕਸੀਨ ਲਗਵਾ ਚੁੱਕੇੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਨੌਬਤ ਨਹੀਂ ਆਵੇਗੀ।
ਕਰੋਨਾ ਦੇ ਚਾਰ ਨਵੇਂ ਮਾਮਲੇ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕਰੋਨਾ ਮਹਾਮਾਰੀ ਹੌਲੀ-ਹੌਲੀ ਆਪਣੇ ਪੈਰ ਸਮੇਟਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸਿਰਫ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ 8562 ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਪ੍ਰਤੀਸ਼ਤ 97.55 ਫੀਸਦ ਤੱਕ ਪਹੁੰਚ ਗਿਆ ਹੈ। ਸ੍ਰੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਸਮੇਂ ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ।