ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 18 ਅਗਸਤ
ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਥਾਣਾ ਡੇਹਲੋਂ ਅੱਗੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਰੋਸ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਬੀਤੇ ਸਮੇਂ ਦੌਰਾਨ ਇਲਾਕੇ ਦੇ ਪਿੰਡਾੰ ਜੱਸੋਵਾਲ, ਜੜਤੌਲੀ, ਕਿਲਾਰਾਏਪੁਰ, ਬੂਲ, ਦਲੇਆਂ ਅਤੇ ਸਰੀਂਹ ਤੋਂ ਚੋਰੀ ਕੀਤੀਆਂ ਗਈਆਂ ਡੇਢ ਦਰਜ਼ਨ ਗਊਆਂ ਦੇ ਸਬੰਧ ਵਿੱਚ ਯੋਗ ਕਾਰਵਾਈ ਕਰ ਕੇ ਪੀੜਤ ਪਰਿਵਾਰਾਂ ਨੂੰ ਲਵੇਰੇ ਵਾਪਿਸ ਕਰਵਾਏ ਜਾਣ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਇਸ ਮਸਲੇ ਸਬੰਧੀ 13 ਅਗਸਤ ਨੂੰ ਲੋਕਾਂ ਦਾ ਵਫ਼ਦ ਸਾਬਕਾ ਵਿਧਾਇਕ ਤਰਸੇਮ ਜੋਧਾਂ ਦੀ ਅਗਵਾਈ ਹੇਠ ਐੱਸਐੱਚਓ ਡੇਹਲੋਂ ਨੂੰ ਮਿਲਣ ਲਈ ਗਿਆ, ਤਾਂ ਇੱਕ ਮੁਲਾਜ਼ਮ ਵੱਲੋਂ ਵਫ਼ਦ ਨਾਲ ਮਾੜਾ ਵਰਤਾਓ ਕੀਤਾ ਗਿਆ। ਇਸ ਕਰ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ, ਜਿਸ ਦੇ ਸਿੱਟੇ ਵਜੋਂ ਅੱਜ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਰਸੇਮ ਜੋਧਾਂ ਨੇ ਦੋਸ਼ ਲਗਾਇਆ ਕਿ ਡਾਕੂ, ਚੋਰ, ਲੁਟੇਰੇ ਪੰਜਾਬ ਭਰ ਵਿੱਚ ਪਿਛਲੇ ਸਮੇਂ ਦੌਰਾਨ ਡਾਕਿਆਂ ਅਤੇ ਚੋਰੀਆਂ ਰਾਹੀਂ ਕਿਸਾਨਾਂ ਮਜ਼ਦੂਰਾਂ ਦਾ ਲੱਖਾਂ ਰੁਪਏ ਦਾ ਪਸ਼ੂਧਨ ਲੈ ਗਏ ਹਨ।
ਇਸੇ ਤਰ੍ਹਾਂ ਖੇਤਾਂ ਅਤੇ ਘਰਾਂ ਤੋਂ ਖੜ੍ਹੇ ਟਰੈਕਟਰਾ ਦੀਆਂ ਬੈਟਰੀਆਂ, ਟ੍ਰਾਂਸਫਾਰਮਰ, ਮੋਟਰਸਾਈਕਲ, ਮੋਬਾਈਲ ਫੋਨ, ਸੋਨਾ ਚਾਂਦੀ ਅਤੇ ਨਗਦੀ ਦੀਆਂ ਵੀ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਥਾਣਾ ਡੇਹਲੋਂ ਦੇ ਮੁਖੀ ਪਰਮਦੀਪ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪਿਛਲੇ ਸਮੇਂ ਦੇ ਪੈਂਡਿੰਗ ਕੇਸਾਂ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ।