ਜੋਗਿੰਦਰ ਸਿੰਘ ਓਬਰਾਏ
ਖੰਨਾ, 17 ਦਸੰਬਰ
ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਇਨ੍ਹੀਂ ਦਿਨੀਂ ਭਾਵੇਂ ਪੰਜਾਬ ’ਚ ਉਦਯੋਗਾਂ ਨੂੰ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੇ ਹਨ ਪਰ ਉਨ੍ਹਾਂ ਦੇ ਸ਼ਹਿਰ ਅੰਦਰ ਹੀ ਕਾਰੋਬਾਰੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਸ ਸਬੰਧੀ ਇੰਡਸਟੀਰੀਅਲ ਫੋਕਲ ਪੁਆਇੰਟ ਵੈਲਫ਼ੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਗੁਪਤਾ ਨੇ ਸਵਾਲ ਖੜ੍ਹੇ ਕਰਦਿਆਂ ਪੱਤਰ ਫੋਕਲ ਪੁਆਇੰਟ ਦੇ ਕਾਰੋਬਾਰੀਆਂ ਨੂੰ ਭੇਜਦਿਆਂ ਕਿਹਾ ਕਿ ਉਹ ਲੋਕ ਸੀਵਰੇਜ ਮਿਕਸ ਦੂਸ਼ਿਤ ਪਾਣੀ ਪੀ ਰਹੇ ਹਨ ਤੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਗੁਪਤਾ ਨੇ ਕਿਹਾ ਕਿ ਫੋਕਲ ਪੁਆਇੰਟ ’ਚ ਪਾਣੀ ਦੀ ਟੈਂਕੀ ਦੇ ਚਾਰੇ ਪਾਸੇ ਹਰ ਸਮੇਂ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਦਾ ਮੁੱਖ ਕਾਰਨ ਸੀਵਰੇਜ ਦਾ ਪਾਣੀ ਮੋਟਰਾਂ ’ਚੋਂ ਨਿਕਾਸ ਹੋਣ ਦੀ ਥਾਂ ਬੈਕ ਮਾਰ ਰਿਹਾ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸ਼ਰਮਾ ਨਾਲ ਮਿਲ ਕੇ ਕਈ ਵਾਰ ਪ੍ਰਸ਼ਾਸਨ ਤੋਂ ਲੈ ਕੇ ਉਦਯੋਗ ਮੰਤਰੀ ਕੋਲ ਮਾਮਲਾ ਚੁੱਕਿਆ ਹੈ ਪਰ ਕੋਈ ਹੱਲ ਨਹੀਂ ਨਿਕਲਿਆ। ਗੁਪਤਾ ਨੇ ਸਾਥੀ ਕਾਰੋਬਾਰੀਆਂ ਨੂੰ ਕਿਹਾ ਕਿ ਸਾਡਾ ਫਰਜ਼ ਇਸ ਸਮੱਸਿਆ ਨੂੰ ਲੈ ਕੇ ਵਿਰੋਧ ਕਰਨਾ ਹੈ ਕਿਉਂਕਿ ਕਰੋੜਾਂ ਰੁਪਏ ਮਾਲੀਆ ਦੇਣ ਦੇ ਬਾਵਜੂਦ ਫੋਕਲ ਪੁਆਇੰਟ ਦੇ ਕਾਰੋਬਾਰੀ ਨਰਕ ਭੋਗਣ ਲਈ ਮਜਬੂਰ ਹਨ। ਗੁਪਤਾ ਨੇ ਕਿਹਾ ਕਿ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਮਾਮਲਾ ਲੈ ਕੇ ਜਾਣਗੇ ਤੇ ਜ਼ਰੂਰਤ ਪਈ ਤਾਂ ਹਾਈਕੋਰਟ ਵੀ ਜਾਣਗੇ।ਮੱਸਿਆ ਤੋਂ ਅਣਜਾਣ ਨੇ ਅਧਿਕਾਰੀ
ਇਸ ਸਬੰਧੀ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਮੱਸਿਆ ਸਬੰਧੀ ਪਹਿਲਾਂ ਨਹੀਂ ਦੱਸਿਆ ਗਿਆ। ਉਨ੍ਹਾਂ ਨੂੰ ਹੁਣੇ ਜਾਣਕਾਰੀ ਮਿਲੀ ਹੈ ਅਤੇ ਜਲਦ ਹੀ ਸੀਵਰੇਜ ਵਿਭਾਗ ਨੂੰ ਭੇਜ ਕੇ ਮੌਕੇ ’ਤੇ ਜਾਂਚ ਕਰਵਾਉਣਗੇ, ਜੇਕਰ ਕੋਈ ਬਲਾਕੇਜ ਹੋਈ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਦਿੱਤਾ ਜਾਵੇਗਾ।