ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 8 ਨਵੰਬਰ
ਰਾਜਾ ਇੰਟਰਪ੍ਰਾਈਜ਼ਿਜ਼ ਨਾਂ ਦੀ ਖੇਤੀਬਾੜੀ ਸੰਦਾਂ ਦੀ ਉਦਪਾਦਕ ਕੰਪਨੀ ਦੇ ਮਾਲਕ ਕੇਵਲ ਚੰਦ ਗਰਗ ਇੰਜਣਾਂ ਵਾਲੇ ਦੇ ਪਰਿਵਾਰ ਨੂੰ ਉਸ ਵੇਲੇ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਦਿਨ ਛਿਪਣ ਦੇ ਨਾਲ ਨਾਲ ਇਹ ਫੋਨ ਆਇਆ ਕਿ ਉਨ੍ਹਾਂ ਦੀ ਦੋ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
ਕਿਸੇ ਵੇਲੇ ਇੱਕ ਛੋਟੀ ਜਿਹੀ ਦੁਕਾਨ ਤੋਂ ਕੰਮ ਸ਼ੁਰੂ ਕਰਕੇ ਵਪਾਰ ਦੀਆਂ ਉਚਾਈਆਂ ਛੁਹਣ ਕਰਨ ਵਾਲੇ ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਇਹ ਐਲਾਨ ਕੀਤਾ ਹੈ ਕਿ ਉਹ ਪ੍ਰਾਪਤ ਹੋਣ ਵਾਲੀ ਰਕਮ ਦਾ ਵੱਡਾ ਹਿੱਸਾ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਖਰਚ ਕਰਨਗੇ। ਕੇਵਲ ਚੰਦ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਟੇਟ ਦੀਵਾਲੀ ਬੰਪਰ ਲਾਟਰੀ ਦਾ ਟਿਕਟ ਏ-680084 ਨਤੀਜਾ ਨਿਕਲਣ ਤੋਂ ਕਰੀਬ ਦੋ ਘੰਟੇ ਪਹਿਲਾਂ ਉਸ ਵੇਲੇ ਖਰੀਦਿਆ ਸੀ ਜਦੋਂ ਉਹ ਆਪਣੀ ਪੁਰਾਣੀ ਦੁਕਾਨ ’ਤੇ ਬੈਠਿਆ ਸੀ।
ਸ੍ਰੀ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਇੱਛਾ ਅਨੁਸਾਰ ਉਹ ਆਪਣੀ ਸਵਰਗੀ ਧਰਮਪਤਨੀ ਪੁਸ਼ਪਾ ਦੇਵੀ ਦੀ ਯਾਦ ਵਿੱਚ ਪਹਿਲਾਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਾਪਤ ਹੋਣ ਵਾਲੀ ਰਕਮ ਦਾ ਵੱਡਾ ਹਿੱਸਾ ਗਰੀਬ ਬੱਚਿਆਂ ਦੀ ਮੁੱਢਲੀ ਅਤੇ ਉਚੇਰੀ ਸਿੱਖਿਆ ਉੱਪਰ ਖਰਚ ਕਰਨਗੇ। ਸ੍ਰੀਮਤੀ ਪੁਸ਼ਪਾ ਦੇਵੀ ਨੇ ਵੀ ਸਥਾਨਕ ਗਾਂਧੀ ਸਕੂਲ ਵਿਖੇ ਅਧਿਆਪਕਾ ਵਜੋਂ ਨੌਕਰੀ ਦੌਰਾਨ ਅਤੇ ਬਾਅਦ ਵਿੱਚ ਆਪਣਾ ਜੀਵਨ ਗਰੀਬ ਬੱਚਿਆਂ ਦੀ ਪੜ੍ਹਾਈ ਨੂੰ ਸਮਰਪਿਤ ਕੀਤਾ ਹੋਇਆ ਸੀ।