ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਨਵੰਬਰ
ਰੇਲਵੇ ਵਿਭਾਗ ਵੱਲੋਂ ਦੋਮੋਰੀਆ ਪੁਲ ਦਾ ਮੁਰੰਮਤ ਕਾਰਜ ਬੁੱਧਵਾਰ ਤੋਂ ਸ਼ੁਰੂ ਕੀਤਾ ਜਾ ਰਿਹ ਹੈ ਜਿਸ ਤਹਿਤ ਅਗਲੇ 90 ਦਿਨਾਂ ਲਈ ਪੁਲ ਨੂੰ ਆਵਾਜਾਈ ਲਈ ਪੂਰਨ ਰੂਪ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਹ ਪੁਲ ਬਹੁਤ ਜ਼ਿਆਦਾ ਪੁਰਾਣਾ ਹੈ, ਜਿਸ ’ਤੇ ਰੇਲਵੇ ਲਾਈਨਾਂ ਨੂੰ ਡਬਲ ਕਰਨ ਦਾ ਕੰਮ ਕੀਤਾ ਜਾਣਾ ਹੈ। ਇਸ ਪੁਲ ਰਾਹੀ ਪੁਰਾਣੇ ਸ਼ਹਿਰ ਦੇ ਇਲਾਕੇ ਨਵੇਂ ਸ਼ਹਿਰ ਦੇ ਇਲਾਕਿਆਂ ਨਾਲ ਜੁੜਦੇ ਹਨ। ਇਸ ਪੁਲ ਦੇ ਬੰਦ ਹੋਣ ਕਰਕੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ।
ਹਾਲਾਂਕਿ, ਟਰੈਫਿਕ ਪੁਲੀਸ ਨੇ ਇਸ ਰੂਟ ’ਤੇ ਪੁਲ ਬੰਦ ਹੋਣ ਕਰਕੇ ਬਦਲਵੇਂ ਰੂਟ ਵੀ ਜਾਰੀ ਕੀਤੇ ਹਨ। ਵੱਖ-ਵੱਖ ਥਾਵਾਂ ਤੋਂ ਰੂਟ ਬਦਲ ਕੇ ਪੁਲੀਸ ਨੇ ਇਸ ਪੁਲ ਦਾ ਕੰਮ ਸ਼ੁਰੂ ਕਰਨ ਦੀ ਤਿਆਰੀ ਕਰਵਾਈ ਹੈ। ਏਸੀਪੀ ਟਰੈਫਿਕ ਜਤਿਨ ਬਾਂਸਲ ਨੇ ਦੱਸਿਆ ਕਿ ਬਦਲਵੇਂ ਰੂਟ ਸੁਚੱਜੇ ਢੰਗ ਨਾਲ ਤਿਆਰ ਕਰਵਾਏ ਹਨ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਦੀਪਕ ਸਿਨੇਮਾ ਵਾਲੇ ਪਾਸੇ ਤੋਂ ਦੋਮੋਰਿਆ ਪੁਲ ਨੂੰ ਜਾਣ ਵਾਲੀ ਟਰੈਫਿਕ ਨੂੰ ਹੁਣ ਲੱਕੜ ਪੁਲ ਵੱਲ ਬਦਲਵੇਂ ਰੂਟ ’ਤੇ ਪਾਇਆ ਗਿਆ ਹੈ। ਮਾਤਾ ਰਾਣੀ ਚੌਕ ਤੋਂ ਦੀਪਕ ਸਿਨੇਮਾ ਤੋਂ ਪੁਲ ਤੱਕ ਜਾਣ ਵਾਲੇ ਟਰੈਫਿਕ ਨੂੰ ਹੁਣ ਲੱਕੜ ਪੁਲ ਵੱਲ ਜਾਣਾ ਪਵੇਗਾ। ਘੰਟਾ ਘਰ ਦੀ ਆਵਾਜਾਈ ਨੂੰ ਵੀ ਲੱਕੜ ਪੁਲ ਰਾਹੀਂ ਦੋਮੋਰਿਆ ਪੁਲ ਵੱਲ ਜਾਣਾ ਪਵੇਗਾ। ਦੀਪਕ ਸਿਨੇਮਾ ਰੋਡ ’ਤੇ ਆਵਾਜਾਈ ਨੂੰ ਘੰਟਾਘਰ ਤੋਂ ਹੋ ਕੇ ਲੱਕੜ ਪੁਲ ਵੱਲ ਜਾਣਾ ਪਵੇਗਾ। ਕੈਲਾਸ਼ ਚੌਕ ਟਰੈਫਿਕ ਨੂੰ ਗੋਲ ਬਾਜ਼ਾਰ ਤੋਂ ਹੋ ਕੇ ਲੱਕੜ ਪੁਲ ਅਤੇ ਫਿਰ ਘੰਟਾਘਰ ਵੱਲ ਜਾਣਾ ਪਵੇਗਾ। ਜਦਕਿ ਗੋਲ ਮਾਰਕੀਟ ਦੀ ਆਵਾਜਾਈ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਸੈਸ਼ਨ ਚੌਕ ਅਤੇ ਲੱਕੜ ਪੁਲ ਤੋਂ ਲੰਘਣਾ ਪਵੇਗਾ।