ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਕਰੋਨਾ ਮਹਾਮਾਰੀ ਦੌਰਾਨ ਤਿਆਰ ਹੋਏ ਖਤਰਨਾਕ ਬਾਇਓ-ਮੈਡੀਕਲ ਵੇਸਟ ਨੂੰ ਲੈ ਕੇ ਸੰਸਾਰ ਪੱਧਰ ’ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਬੀਤੇ ਦਿਨ ਸੰਯੁਕਤ ਰਾਸ਼ਟਰ ਇਨਵਾਇਰਮੈਂਟਲ ਪ੍ਰੋਗਰਾਮ (ਯੂਐਨਈਪੀ) ਵੱਲੋਂ ਮਨਾਏ ਗਏ ਸੰਸਾਰ ਵਾਤਾਵਰਨ ਦਿਵਸ ਦੌਰਾਨ ਪੈਨਲ ਵਿੱਚ ਸ਼ਾਮਲ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ (ਯੂਨੀਡੋ) ਦੇ ਰਾਜ ਤਕਨੀਕੀ ਸਲਾਹਕਾਰ ਤੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਸੀਨੀਅਰ ਗੈਸਟ੍ਰੋਇੰਟਰੋਲੋਜਿਸਟ ਡਾ. ਰਾਜੂ ਸਿੰਘ ਛੀਨਾ ਨੇ ਬਾਇਓ-ਮੈਡੀਕਲ ਵੇਸਟ ’ਤੇ ਚਰਚਾ ਕੀਤੀ। ਡਾ. ਛੀਨਾ ਨੇ ਦੱਸਿਆ ਕਿ ਪੰਜਾਬ ਵਿੱਚ ਇੱਕ ਦਿਨ ਵਿੱਚ 4-5 ਟਨ ਕੋਵਿਡ-19 ਬਾਇਓ ਮੈਡੀਕਲ ਵੇਸਟ ਨਿਕਲਦਾ ਹੈ। ਇਸ ਦੇ ਨਿਪਟਾਰੇ ਲਈ ਸਹੀ ਮੈਨੇਜਮੈਂਟ ਦੀ ਲੋੜ ਹੈ। ਭਾਰਤ ਵਿੱਚ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਨੂੰ ਲੈ ਕੇ ਯੂਨੀਡੋ ਲੰਮੇ ਸਮੇਂ ਤੋ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਲਰਨਿੰਗ ਪੋਰਟਲ ਲਾਂਚ ਕੀਤਾ ਗਿਆ ਹੈ। ਜਿਸ ਵਿੱਚ ਹਸਪਤਾਲਾਂ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਦੇ ਤਰੀਕੇ ਸਿਖਾਏ ਜਾਣਗੇ। ਡਾ. ਛੀਨਾ ਨੇ ਮਹਾਮਾਰੀ ਦੌਰਾਨ ਮਾਸਕ ਦੇ ਗਲੱਬਸ ਦੇ ਨਿਪਟਾਰੇ ਲਈ ਯੂਨੀਡੋ ਦੇ ਪ੍ਰਾਜੈਕਟ ਅਫ਼ਸਰ ਅਰਜੁਨ ਸਰੀਨ ਤੇ ਚੈਤਨਿਆ ਸ਼ਰਮਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਦੱਸਿਆ। ਪੈਨਲ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾ. ਰੋਡਰਿਕੋ ਐਚ.ਓਫਰਿਨ, ਯੂਐਨਪੀਈ ਦੇ ਮੁਖੀ ਅਤੁਲ ਬਗਈ, ਯੂਨੀਡੋ ਦੇ ਰਿਜਨਲ ਹੈਡ ਡਾ. ਰੇਨੇ, ਐਮਓਈਐਫਸੀਸੀ ਦੇ ਜੁਆਇੰਟ ਸਕੱਤਰ ਨਰੇਸ਼ ਪਾਲ ਗੰਗਵਾਰ, ਸੀਪੀਸੀਬੀ ਦੇ ਮੈਂਬਰ ਸਕੱਤਰ ਡਾ. ਪ੍ਰਸ਼ਾਂਤ ਗਰਗਵਾ ਅਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਤਕਨੀਕੀ ਸਲਾਹਕਾਰ ਸ਼ਾਮਿਲ ਰਹੇ। ਡਾ. ਪ੍ਰਸ਼ਾਂਤ ਨੇ ਬਾਇਓ ਮੈਡੀਕਲ ਵੇਸਟ ਨੂੰ ਲੈ ਕੇ ਯੂਨੀਡੋ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਡਾ. ਰੇਨੇ ਨੇ ਪੰਜਾਬ, ਗੁਜਰਾਤ, ਮਹਾਰਾਸ਼ਟਰ, ਉੜੀਸਾ ਤੇ ਕਰਨਾਕਟ ਵਿੱਚ ਚਲ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ।