ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਸਤੰਬਰ
ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਕਰਵਾਏ ਗਏ ਸਮਾਗਮ ਅਤੇ ਕਵੀ ਦਰਬਾਰ ਦੌਰਾਨ ਵਿਗਿਆਨੀ ਤੇ ਸ਼੍ਰੋਮਣੀ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਪਹਿਲੇ ’ਇੰਜਨੀਅਰ ਜੇਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿੱਚ ਉਨ੍ਹਾਂ ਨੂੰ ਦੋਸ਼ਾਲਾ, ਸਨਮਾਨ ਚਿੰਨ੍ਹ ਅਤੇ 5100 ਰੁਪਏ ਦੀ ਸਨਮਾਨ ਰਾਸ਼ੀ ਵੀ ਭੇਟ ਕੀਤੀ ਗਈ। ਇਹ ਐਵਾਰਡ ਨੈਸ਼ਨਲ ਤੇ ਸਟੇਟ ਆਵਾਰਡੀ ਅਧਿਆਪਕਾ ਤੇ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਦੇ ਪਤੀ, ਸਾਹਿਤ ਤੇ ਕਲਾ ਪ੍ਰੇਮੀ ਅਤੇ ਸਮਾਜ ਸੇਵੀ ਇੰਜਨੀਅਰ ਜੇ. ਬੀ. ਸਿੰਘ ਕੋਚਰ ਜੋ ਪਿਛਲੇ ਸਾਲ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਕੋਚਰ ਪਰਿਵਾਰ ਵਲੋਂ ਸਥਾਪਤ ਕੀਤਾ ਗਿਆ ਹੈ। ਕੈਨੇਡਾ ਤੋਂ ਪਹੁੰਚੀ ਗਾਇਕਾ ਮੀਤਾ ਖੰਨਾ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਗਾਇਕ ਹੀਰਾ ਸਵਾਮੀ ਤੇ ਅਕਸ਼ੈ ਭਾਟੀਆ ਵੱਲੋਂ ਡਾ. ਗੁਰਚਰਨ ਕੌਰ ਕੋਚਰ ਦੀਆਂ ਲਿਖੀਆਂ ਗ਼ਜ਼ਲਾਂ ਗਾ ਕੇ ਸਾਹਿਤਕ ਮਾਹੌਲ ਸਿਰਜਿਆ। ਸ਼ਾਨਦਾਰ ਕਵੀ ਦਰਬਾਰ ਨੇ ਆਪਣੀ ਵਿਲੱਖਣ ਛਾਪ ਬਣਾਈ। ਸਾਹਿਤਕਾਰ ਕੇ. ਸਾਧੂ ਸਿੰਘ ਨੇ ਡਾ. ਫ਼ਕੀਰ ਚੰਦ ਸ਼ੁਕਲਾ ਦੀਆਂ ਵਿਗਿਆਨਕ ਸਿਖਿਆ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਸ਼ੋਭਾ ਪੱਤਰ ਪੜ੍ਹਿਆ।
ਗੀਤਕਾਰ ਅਮਰੀਕ ਸਿੰਘ ਤਲਵੰਡੀ, ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਡਾ. ਹਰੀ ਸਿੰਘ ਜਾਚਕ ਅਤੇ ਪਾਲੀ ਦੇਤਵਾਲੀਆ ਨੇ ਕੋਚਰ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਸਰਦਾਰ ਪੰਛੀ, ਪ੍ਰੋ. ਸੰਧੂ ਵਰਿਆਣਵੀ ਆਦਿ ਨੇ ਸਵ. ਕੋਚਰ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ। ਮੰਚ ਸੰਚਾਲਨ ਸੁਖਵਿੰਦਰ ਅਨਹਦ ਨੇ ਕੀਤਾ।