ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਮਹਾਸਭਾ, ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਅਤੇ ਨੌਜਵਾਨ ਸਭਾ ਬੀਆਰਐੱਸ ਨਗਰ ਵੱਲੋਂ ਦੇਸ਼ ਦੀ ਆਜ਼ਾਦੀ ਲਈ ਗਦਰ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਨਾਟਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਚ ਕਰਵਾਏ ਗਏ। ਸੋਮਪਾਲ ਹੀਰਾ ਦੀ ਨਿਰਦਸ਼ਨਾ ਹੇਠ ਸਿਰਜਣਾ ਆਰਟ ਗਰੁੱਪ ਵੱਲੋਂ ਖੇਡੇ ਨਾਟਕ ‘ਭਗਤ ਸਿੰਘ ਤੂੰ ਜ਼ਿੰਦਾ ਹੈ’ ਨੇ ਸ਼ਹੀਦਾਂ ਦੀ ਵਿਚਾਰਧਾਰਾ ਨਾਲ ਹੋ ਰਹੀ ਬੇਇਨਸਾਫੀ ਬਾਰੇ ਸੰਵਾਦ ਰਚਾਇਆ। ਨਾਟਕ ਰਾਹੀਂ ਕਲਾਕਾਰਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ’ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਵੱਲੋਂ ਦੇਸ਼ ਭਗਤੀ ਦੇ ਪਾਏ ਮੁਖੌਟੇ ਦੇ ਪਾਜ ਉਘੇੜਦਿਆਂ ਸ਼ਹੀਦਾਂ ਦੇ ਨਾਂ ਨੂੰ ਸਿਰਫ ਆਪਣੀਆਂ ਵੋਟਾਂ ਬਟੋਰਨ ਲਈ ਵਰਤਣ ਤੱਕ ਸੀਮਿਤ ਕਰਨ ’ਤੇ ਕਰਾਰੀ ਚੋਟ ਕੀਤੀ। ਇਸੇ ਤਰ੍ਹਾਂ ‘ਖੇਤਾਂ ਦਾ ਰਾਜਾ’ ਕੋਰੀਓਗ੍ਰਾਫੀ ਰਾਹੀਂ ਪਰਾਲੀ ਆਦਿ ਨਾ ਸਾੜਨ ਬਾਰੇ ਸੁਨੇਹਾ ਦਿੱਤਾ ਗਿਆ। ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਨੇ ਭ੍ਰਿਸ਼ਟ, ਮੌਕਾਪ੍ਰਸਤ ਅਤੇ ਫਿਰਕਾਪ੍ਰਸਤ ਸਿਆਸਤਦਾਨਾਂ ਨੂੰ ਗਦਰ ਪਾਰਟੀ ਦੇ ਇਤਿਹਾਸ ਤੋਂ ਸਿੱਖਣ ਦੀ ਨਸੀਹਤ ਦਿੱਤੀ। ਉਨ੍ਹਾਂ ਫਿਰਕਾਪ੍ਰਸਤੀ ਦੀ ਸਿਆਸਤ ਕਰਨ ਦੀ ਬਜਾਏ ਗਦਰ ਪਾਰਟੀ ਵਿੱਚ ਭਰਤੀ ਹੋਏ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਆਦਿ ਵੱਲੋਂ ਧਰਮਾਂ ਤੋਂ ਉੱਪਰ ਉੱਠ ਕੇ ਦੇਸ਼ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਸੇਧ ਲੈਣ ’ਤੇ ਜ਼ੋਰ ਦਿੱਤਾ।
ਇਸ ਦੌਰਾਨ ਉੱਘੇ ਸਮਾਜ ਸੇਵੀ ਬਲਕੌਰ ਸਿੰਘ ਗਿੱਲ ਤੇ ਸਾਬਕਾ ਪ੍ਰਿੰਸੀਪਲ ਪਿਆਰਾ ਸਿੰਘ ਨੇ ਵੀ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਸਟੇਜ ਸੰਚਾਲਨ ਜਸਵੰਤ ਜੀਰਖ ਵੱਲੋਂ ਬਾਖੂਬੀ ਕੀਤਾ ਗਿਆ। ਨੌਜਵਾਨ ਸਭਾ ਵੱਲੋਂ ਰਾਕੇਸ਼ ਆਜ਼ਾਦ ਨੇ ਅਹਿਮ ਯੋਗਦਾਨ ਪਾਇਆ। ਅਗਾਂਹਵਧੂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।