ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਜੁਲਾਈ
ਇੱਥੇ ਅੱਜ ਖੰਨਾ ਦੇ ਸਮਰਾਲਾ ਰੋਡ ਮਾਡਲ ਟਾਊਨ ਵਿੱਚ ਚਾਰ ਏਕੜ ਵਿੱਚ ਬਣੀ ਨਾਜਾਇਜ਼ ਕਲੋਨੀ ਵਿਚ ਨਗਰ ਕੌਂਸਲ ਨੇ ਬੁਲਡੋਜ਼ਰ ਚਲਾਇਆ। ਟਰੈਕਟਰ ਟਰਾਲੀ, ਜੇਸੀਬੀ ਮਸ਼ੀਨ ਲੈ ਕੇ ਪੁੱਜੀ ਕੌਂਸਲ ਦੀ ਟੀਮ ਨੇ ਬੁਲਡੋਜ਼ਰ ਚਲਾ ਕੇ ਕਲੋਨੀ ਵਿਚ ਲੱਗੇ ਸਾਰੇ ਚੈਂਬਰ, ਬਿਜਲੀ ਦੇ ਖੰਭੇ, ਰਸਤੇ ਨੂੰ ਢਾਹ ਦਿੱਤਾ। ਬਿਲਡਿੰਗ ਇੰਸਪੈਕਟਰ ਸੁਰਿੰਦਰ ਚੌਧਰੀ, ਅਮਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਇਸ ਕਾਰਵਾਈ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਜਦੋਂ ਇਹ ਕਾਰਵਾਈ ਹੋ ਰਹੀ ਸੀ ਤਾਂ ਉਸ ਵੇਲੇ ਕਲੋਨੀ ਮਾਲਕ ਕੋਈ ਨਹੀਂ ਸੀ। ਟੀਮ ਮੈਂਬਰਾਂ ਨੇ ਕਿਹਾ ਅੱਗੋਂ ਵੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਨਵਦੀਪ ਸਿੰਘ ਇਸ ਕਲੋਨੀ ਵਿੱਚੋਂ ਮਿਲੇ ਸਾਮਾਨ ਅਤੇ ਉਸ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕਰਦੇ ਹੋਏ ਬਿਜਲੀ ਦੇ ਖੰਭੇ ਤੇ ਹੋਰ ਸਾਮਾਨ ਜ਼ਬਤ ਕਰਨਗੇ।