ਪੱਤਰ ਪ੍ਰੇਰਕ
ਸਮਰਾਲਾ, 13 ਅਪਰੈਲ
ਸਥਾਨਕ ਪੁਲੀਸ ਨੇ ਇੱਕ ਭੁੱਕੀ ਤਸਕਰ ਅਤੇ ਇੱਕ ਸੱਟਾ ਕਿੰਗ ਨੂੰ ਗ੍ਰਿਫ਼ਤਾਰ ਕਰਕੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਚਲ ਰਹੇ ਦੜੇ-ਸੱਟੇ ਦੇ ਧੰਦੇ ਨੂੰ ਬੰਦ ਕਰਵਾ ਦਿੱਤਾ ਹੈ। ਸਥਾਨਕ ਪੁਲੀਸ ਨੇ ਸ਼ਹਿਰ ਦੀ ਦਾਣਾ ਮੰਡੀ ਦੇ ਗੇਟ ਨੇੜਿਓਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 4 ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ। ਨੌਜਵਾਨ ਦੀ ਪਛਾਣ ਰਾਜਬੰਸ ਸਿੰਘ ਉਰਫ ਰਾਜੂ ਵਾਸੀ ਪਿੰਡ ਸਮਸ਼ਪੁਰ ਵਜੋਂ ਹੋਈ ਹੈ। ਇਸ ਨੇ ਪੁਲੀਸ ਨੂੰ ਦੱਸਿਆ ਕਿ ਉਹ ਇਹ ਭੁੱਕੀ ਪਿੰਡ ਰਸੂਲੜਾ ਨਿਵਾਸੀ ਦਲਵੀਰ ਸਿੰਘ ਕੋਲੋ ਲੈ ਕੇ ਆਇਆ ਸੀ। ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਉਸ ਦੇ ਘਰ ਛਾਪਿਆ ਮਾਰਿਆ ਤਾਂ ਉਹ ਘਰ ਦੇ ਮੇਨ ਗੇਟ ਤੋਂ ਪੁਲੀਸ ਨੂੰ ਵੇਖ ਕੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਭੱਜ ਗਿਆ। ਪੁਲੀਸ ਨੇ ਦਲਵੀਰ ਸਿੰਘ ਵੱਲੋਂ ਸੁੱਟੇ ਗਏ ਲਿਫਾਫੇ ਵਿੱਚੋਂ ਵੀ 2 ਕਿੱਲੋਂ 500 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਇੱਕ ਹੋਰ ਮਾਮਲੇ ਵਿੱਚ ਪੁਲੀਸ ਨੇ ਇਲਾਕੇ ਵਿੱਚ ਲੰਬੇ ਸਮੇਂ ਤੋਂ ਚਲਦੇ ਆ ਰਹੇ ਦੜੇ -ਸੱਟੇ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਇਸ ਧੰਦੇ ਨਾਲ ਜੁੜੇ ਵਿਅਕਤੀ ਸੁਨੀਲ ਕੁਮਾਰ ਉਰਫ ਸਨੀ ਵਾਸੀ ਡੱਬੀ ਬਾਜ਼ਾਰ ਨੂੰ ਕਾਬੂ ਕਰਕੇ ਉਸ ਪਾਸੋਂ ਦੜੇ-ਸੱਟੇ ਦੀ 7610 ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਪੁਲੀਸ ਨੇ ਉਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਦੜੇ ਸੱਟੇ ਦੀਆਂ ਪਰਚੀਆਂ ਸਣੇ ਸ਼ਹਿਰ ਦੀ ਦਾਣਾ ਮੰਡੀ ਦੇ ਗੇਟ ਨੰਬਰ 1 ਕੋਲੋਂ ਕਾਬੂ ਕੀਤਾ।