ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਜੁਲਾਈ
ਬਲਾਕ ਸੁਧਾਰ ਦੇ ਪਿੰਡ ਰਕਬਾ ਦੇ ਮੁੱਖ ਰਾਹਾਂ ਵਿੱਚ ਲਾਈਆਂ ਉੱਘੜ-ਦੁਘੜੀਆਂ ਇੰਟਰਲੌਕ ਟਾਈਲਾਂ ਨੇ ਬਰਸਾਤ ਦੇ ਦਿਨਾਂ ਵਿੱਚ ਰੰਗ ਦਿਖਾਇਆ ਹੈ। ਮੀਂਹ ਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਕਈ ਰਸਤੇ ਛੱਪੜ ਦਾ ਰੂਪ ਧਾਰਨ ਕਰ ਗਏ ਹਨ ਅਤੇ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ ਹੈ। ਮਾਸਟਰ ਗੁਰਚਰਨ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਿੱਚ ਦਾਖਲ ਹੋਣ ਵਾਲੇ ਮੁੱਖ ਰਸਤੇ ਵਿਚ ਪੰਚਾਇਤ ਵੱਲੋਂ 2017 ਵਿਚ ਲਾਈਆਂ ਇੰਟਰਲੌਕ ਟਾਈਲਾਂ ਨੇ ਅਸਲੀ ਰੰਗ ਇਸ ਮੀਂਹ ਦੇ ਮੌਸਮ ਵਿੱਚ ਦਿਖਾਇਆ ਹੈ।
ਪਿੰਡ ਵਾਸੀਆਂ ਅਨੁਸਾਰ ਜਾਂਗਪੁਰ ਚੌਕ, ਡਿਸਪੈਂਸਰੀ ਅਤੇ ਗੁਰਦੁਆਰਾ ਸਾਹਿਬ ਵਾਲੇ ਰਸਤਿਆਂ ਵਿੱਚ ਆਮ ਤੌਰ ’ਤੇ ਵਧੇਰੇ ਆਵਾਜਾਈ ਰਹਿੰਦੀ ਹੈ, ਪਰ ਬਰਸਾਤ ਦੌਰਾਨ ਇਨ੍ਹਾਂ ਰਾਹਾਂ ਦੇ ਛੱਪੜ ਦਾ ਰੂਪ ਧਾਰਨ ਕਰ ਜਾਣ ’ਤੇ ਰਾਹਗੀਰਾਂ ਅਤੇ ਉੱਥੇ ਵੱਸਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਹੋਏ ਆਮ ਇਜਲਾਸ ਦੌਰਾਨ ਪਿੰਡ ਵਾਸੀਆਂ ਨੇ ਬਲਾਕ ਵਿਕਾਸ ਅਧਿਕਾਰੀਆਂ ਅੱਗੇ ਰੋਣਾ ਰੋਇਆ ਸੀ ਅਤੇ ਇਸ ਬਾਰੇ ਮਤਾ ਵੀ ਰੱਖਿਆ ਸੀ।
ਦੂਜੇ ਪਾਸੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਸੀ, ਪਰ ਕੰਮ ਹਾਲੇ ਵੀ ਸ਼ੁਰੂ ਨਹੀਂ ਹੋ ਸਕਿਆ। ਜਦਕਿ ਬੀਡੀਪੀਓ ਸੁਧਾਰ ਅਸ਼ੋਕ ਕੁਮਾਰ ਨੇ ਗਰਾਮ ਪੰਚਾਇਤ ਸਿਰ ਭਾਂਡਾ ਭੰਨਦਿਆਂ ਕਿਹਾ ਕਿ ਜੇਕਰ ਗਰਾਮ ਪੰਚਾਇਤ ਨੇ ਕੰਮ ਸ਼ੁਰੂ ਨਹੀਂ ਕਰਵਾਇਆ ਤਾਂ ਲਿਖਤੀ ਨੋਟਿਸ ਕੱਢਿਆ ਜਾਵੇਗਾ।