ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਕਤੂਬਰ
ਸ਼ੋਸ਼ਲ ਮੀਡੀਆ ’ਤੇ ਸ਼ਨਿੱਚਰਵਾਰ ਦੀ ਸਵੇਰੇ ਇੱਕ ਵੀਡੀਓ ਕਾਫ਼ੀ ਵਾਇਰਲ ਹੋਈ। ਇਸ ਵਿੱਚ ਕੁਝ ਨੌਜਵਾਨ ਰੰਜਿਸ਼ ਦੇ ਚੱਲਦੇ ਪਹਿਲਾਂ ਗਾਲ਼ਾਂ ਕੱਢਣ ਲੱਗੇ ਤੇ ਫਿਰ ਦੇਖਦੇ ਹੀ ਦੇਖਦੇ ਇੱਕ ਦੂਸਰੇ ’ਤੇ ਇੱਟਾਂ ਪੱਥਰ ਵਰ੍ਹਾਉਣ ਲੱਗੇ ਤੇ ਫਿਰ ਡੰਡੇ ਚੱਲ ਪਏ। ਕੁਝ ਨੌਜਵਾਨ ਤਾਂ ਖੁਦ ਦੀ ਜਾਨ ਬਚਾਉਣ ਲਈ ਇੱਧਰ ਉਧਰ ਵੀ ਭੱਜਦੇ ਨਜ਼ਰ ਆਏ। ਇਹ ਵੀਡੀਓ ਟੈਕਸਟਾਈਲ ਕਲੋਨੀ ਦੀ ਦੱਸੀ ਜਾ ਰਹੀ ਹੈ। ਪਹਿਲਾਂ ਦੱਸਿਆ ਗਿਆ ਕਿ ਇਹ ਵੀਡੀਓ ਮੋਤੀ ਨਗਰ ਇਲਾਕੇ ਵਿੱਚ ਆਉਣ ਵਾਲੀ ਟੈਕਸਟਾਈਲ ਕਲੋਨੀ ਦੀ ਹੈ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਮਿਹਰਬਾਨ ਇਲਾਕੇ ਦੀ ਹੈ। ਇਸ ਦੇ ਬਾਵਜੂਦ ਵੀ ਦੋਹਾਂ ਥਾਣਿਆਂ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਹਾਲੇ ਤੱਕ ਦੀ ਜਾਂਚ ’ਚ ਕਿਸੇ ਪਾਸਿਓ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਵਿੱਚ ਨੌਜਵਾਨਾਂ ਵਿੱਚ ਬਹਿਸ ਦੌਰਾਨ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਇੱਕ ਪੱਖ ਦੇ ਨੌਜਵਾਨਾਂ ਨੇ ਦੂਸਰੇ ਪੱਖ ਦੇ ਨੌਜਵਾਨਾਂ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਘਟਨਾ ਸਥਾਨ ’ਤੇ ਡੰਡੇ ਤੱਕ ਚੱਲ ਪਏ। ਇੱਟਾਂ ਪੱਥਰ ਚੱਲਦੇ ਹੀ ਆਸਪਾਸ ਦੇ ਲੋਕ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਉਣ ਲੱਗੇ। ਉਸ ਤੋਂ ਬਾਅਦ ਨੌਜਵਾਨ ਕਾਫ਼ੀ ਸਮੇਂ ਤੱਕ ਲੜਦੇ ਰਹੇ ਤੇ ਇੱਕ ਦੂਸਰੇ ਨੂੰ ਧਮਕੀਆਂ ਦਿੰਦੇ ਚਲੇ ਗਏ। ਇਹ ਸਾਰੀ ਘਟਨਾ ਕਿਸੇ ਅੱਖੀਂ ਦੇਖਣ ਵਾਲੇ ਨੇ ਆਪਣੇ ਮੋਬਾਈਲ ’ਚ ਕੈਦ ਕਰ ਲਈ। ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ। ਸ਼ਹਿਰ ’ਚ ਕਾਫ਼ੀ ਚਰਚਾ ਰਹੀ ਕਿ ਇਹ ਵੀਡੀਓ ਟੈਕਸਟਾਈਲ ਕਲੋਨੀ ਦੀ ਹੈ। ਜਦੋਂ ਇਸ ਬਾਰੇ ਥਾਣਾ ਮੋਤੀ ਨਗਰ ਦੇ ਇੰਚਾਰਜ ਸੰਜੀਵ ਕਪੂਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮਿਰਰਬਾਨ ਅਧੀਨ ਆਉਣ ਵਾਲੀ ਟੈਕਸਟਾਈਲ ਕਲੋਨੀ ਦਾ ਹੈ। ਉਹ ਆਪਣੇ ਤੌਰ ’ਤੇ ਜਾਂਚ ਕਰ ਚੁੱਕੇ ਹਨ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਹੈ। ਜਦੋਂ ਥਾਣਾ ਮਿਹਰਬਾਨ ਦੇ ਐੱਸਐੱਚਓ ਸਬ ਇੰਸਪੈਕਟਰ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵੀਡੀਓ ਉਨ੍ਹਾਂ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਮੁਲਾਜ਼ਮ ਜਾਂਚ ਲਈ ਗਏ ਸਨ, ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।