ਗਗਨਦੀਪ ਅਰੋੜਾ
ਲੁਧਿਆਣਾ, 1 ਸਤੰਬਰ
ਸਨਅਤੀ ਸ਼ਹਿਰ ਦੇ ਸਭ ਤੋਂ ਭੀੜ ਭਾੜ ਵਾਲੇ ਇਲਾਕੇ ਗਿੱਲ ਰੋਡ ’ਤੇ ਮੰਗਲਵਾਰ ਚਿੱਟੇ ਦਿਨ ਵਿੱਚ ਤਿੰਨ ਲੁਟੇਰੇ ਬਜ਼ੁਰਗ ਤੋਂ 2.80 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਉਧਰ, ਪੁਲੀਸ ਗਿੱਲ ਰੋਡ ਦੇ ਨੇੜਲੇ ਇਲਾਕਿਆਂ ’ਚ ਵੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਕੁਲਜੀਤ ਸਿੰਘ ਫਾਈਨ ਬੈਰਿੰਗ ਕੰਪਨੀ ’ਚ ਕੰਮ ਕਰਦੇ ਹਨ। ਮੰਗਲਵਾਰ ਦੀ ਸਵੇਰੇ ਸਾਢੇ 11 ਵਜੇ ਦੇ ਕਰੀਬ ਉਹ ਗਿੱਲ ਰੋਡ ਸਥਿਤ ਪ੍ਰਾਈਵੇਟ ਬੈਂਕ ’ਚ ਨਗਦੀ ਜਮ੍ਹਾਂ ਕਰਵਾਉਣ ਗਏ ਸਨ। ਇਸੇ ਦੌਰਾਨ ਦੋ ਮੋਟਰਸਾਈਕਲਾਂ ’ਤੇ ਤਿੰਨ ਨੌਜਵਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਕੁਲਜੀਤ ਸਿੰਘ ਬੈਂਕ ’ਚ ਜਾਣ ਲਈ ਬੇਸਮੈਂਟ ਦੀਆਂ ਪੌੜੀਆਂ ਉਤਰ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ ਤੇ ਪਿਸਤੌਲ ਦਿਖਾਈ। ਨੋਜਵਾਨ ਨੇ ਕੁਲਜੀਤ ਸਿੰਘ ਦੇ ਹੱਥ ’ਚ ਫੜਿਆ ਨਗਦੀ ਦਾ ਪੈਕੇਟ ਖੋਹ ਲਿਆ ਤੇ ਫ਼ਰਾਰ ਹੋ ਗਏ। ਜਿਵੇਂ ਕੁਲਜੀਤ ਸਿੰਘ ਨੇ ਰੌਲਾ ਪਾਇਆ, ਬੈਂਕ ਦਾ ਸੁਰੱਖਿਆ ਕਰਮੀ ਬਾਹਰ ਵੱਲ ਭੱਜਿਆ। ਉਸ ਸਮੇਂ ਤੱਕ ਮੁਲਜ਼ਮ ਮੋਟਰਸਾਈਕਲ ’ਤੇ ਫ਼ਰਾਰ ਹੋ ਚੁੱਕੇ ਸਨ। ਉਧਰ, ਥਾਣਾ ਡਵੀਜ਼ਨ ਨੰ. 6 ਦੇ ਇੰਚਾਰਜ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਆਸਪਾਸ ਦੇ ਇਲਾਕੇ ’ਚ ਵੀ ਨਾਕਾਬੰਦੀ ਕਰ ਸਰਚ ਮੁਹਿੰਮ ਚੱਲ ਰਹੀ ਹੈ।