ਪੱਤਰ ਪ੍ਰੇਰਕ
ਸਮਰਾਲਾ, 22 ਅਪਰੈਲ
ਇਥੇ ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਵਿੱਚ ਸਕੂਲ ਦੇ ਡਾਇਰੈਕਟਰ ਅਮਰੀਕ ਸਿੰਘ ਬਲਾਲਾ ਦੀ ਅਗਵਾਈ ਵਿੱਚ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਧਰਤੀ ਲਈ ਪੈਦਾ ਹੋ ਰਹੇ ਸੰਕਟ ਅਤੇ ਇਸਦੇ ਬਚਾਅ ਲਈ ਮਨੁੱਖਾਂ ਦੁਆਰਾ ਕੀਤੇ ਜਾ ਸਕਦੇ ਉਪਰਾਲਿਆਂ ਉੱਪਰ ਚਾਨਣਾ ਪਾਇਆ। ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ। ਇਸੇ ਤਰ੍ਹਾਂ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿੱਚ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸਕੂਲ ਵਿੱਚ ਪੌਦੇ ਲਗਾਉਣ ਤੋਂ ਬਾਅਦ ਗੋ ਗ੍ਰੀਨ ਥੀਮ ਉੱਪਰ ਪੋਸਟਰ ਬਣਾਏ। ਸਕੂਲ ਦੇ ਬੱਚਿਆਂ ਨੇ ਆਪਣੇ ਪੋਸਟਰਾਂ ਦੇ ਨਾਲ ਰੈਲੀ ਕੱਢ ਕੇ ਸਭ ਨੂੰ ਧਰਤੀ ਅਤੇ ਵਾਤਾਵਰਨ ਦੀ ਸੰਭਾਲ ਕਰਨ ਲਈ ਜਾਗਰੂਕ ਕੀਤਾ। ਬੱਚਿਆਂ ਨੇ ਧਰਤੀ ਨੂੰ ਹਰਾ ਭਰਾ ਅਤੇ ਸਾਫ਼ ਸੁਥਰਾ ਰੱਖਣ ਦਾ ਸੰਕਲਪ ਲਿਆ। ਲੁਧਿਆਣਾ (ਖੇਤਰੀ ਪ੍ਰਤੀਨਿਧ): ਸਰਕਾਰੀ ਕਾਲਜ ਵਿੱਚ ਵਾਤਾਵਰਨ ਸੰਸਥਾ ਅਤੇ ਐਨੀਮਲ ਇਨਵਾਇਰਮੈਂਟ ਮੈਨੇਜਮੈਂਟ ਸਰਵਿਸ ਲਿਮਟਿਡ ਲੁਧਿਆਣਾ ਦੇ ਸਹਿਯੋਗ ਨਾਲ ਧਰਤੀ ਦਿਵਸ ਨਾਲ ਸਬੰਧਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਕੁੱਪ ਕਲਾਂ (ਪੱਤਰ ਪ੍ਰੇਰਕ): ਇਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਖੁਰਦ ਵਿੱਚ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਦਲਜੀਤ ਕੌਰ ਨੇ ਕਿਹਾ ਕਿ ਨਰਸਰੀ, ਯੂਕੇਜੀ ਕਲਾਸ ਦੇ ਵਿਦਿਆਰਥੀਆ ਹਰੇ ਰੰਗ ਦੇ ਕੱਪੜੇ ਪਾ ਅਤੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਕੁਦਰਤੀ ਸਾਧਨਾ ਨੂੰ ਜਿਵੇਂ ਪਾਣੀ, ਹਵਾ ਆਦਿ ਦੀ ਵਰਤੋਂ ਸੰਜਮ ਨਾਲ ਕਰਨ ਦੇ ਮਹੱਤਵ ਬਾਰੇ ਇਕ ਨਾਟਕ ਰਾਹੀਂ ਜਾਗਰੂਕ ਕੀਤਾ ਗਿਆ।
ਜੀਐੱਚਜੀ ਅਕੈਡਮੀ ਵਿੱਚ ਵਿਦਿਆਰਥੀਆਂ ਨੇ ਪੌਦੇ ਲਗਾਏ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਜੀਐੱਚਜੀ ਅਕੈਡਮੀ ਵਿੱਚ ਅੱਜ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਇਸ ’ਚ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਮੌਸਮੀ ਫੁੱਲਾਂ ਵਾਲੇ ਪੌਦੇ ਸਕੂਲ ਗਾਰਡਨ ’ਚ ਲਗਾਏ। ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਧਰਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ‘ਧਰਤੀ ਦਿਵਸ’ ਦੇ ਪੋਸਟਰ ਬਣਾਏ।