ਸਤਵਿੰਦਰ ਬਸਰਾ
ਲੁਧਿਆਣਾ, 20 ਅਕਤੂਬਰ
ਗਦਰੀ ਬਾਬਾ ਹਰੀ ਸਿੰਘ ਉਸਮਾਨ ਯਾਦਗਾਰੀ ਕਮੇਟੀ ਬੱਦੋਵਾਲ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਸਰਪ੍ਰਸਤੀ ਤੇ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਲੁਧਿਆਣਾ ਦੀ ਸਰਪ੍ਰਸਤੀ ਹੇਠ ਅੱਜ ਬੱਦੋਵਾਲ ਵਿੱਚ ਦੇਸ਼ ਭਗਤ ਗਦਰੀ ਜਰਨੈਲ- ਬਾਬਾ ਹਰੀ ਸਿੰਘ ਉਸਮਾਨ ਬੱਦੋਵਾਲ ਦੇ 142ਵੇਂ ਜਨਮ ਦਿਨ ਮੌਕੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਅਰੰਭ ਵਿੱਚ ਵੱਖ ਵੱਖ ਜੱਥੇਬੰਦੀਆਂ ਵੱਲੋਂ ਗਦਰ ਪਾਰਟੀ ਦਾ ਝੰਡਾ ਝੁਲਾਇਆ ਤੇ ਝੰਡੇ ਨੂੰ ਸਲਾਮੀ ਦਿੱਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਜਿੱਥੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਦ੍ਰਿੜ੍ਹਤਾ ਕੀਤੀ ਉੱਥੇ ਮੋਦੀ ਸਰਕਾਰ ਦੀ ਵੀ ਇਸ ਮੁੱਦੇ ਨੂੰ ਲੈ ਨਿਖੇਧੀ ਕੀਤੀ ਗਈ । ਸਮਾਗਮ ਦੀ ਸ਼ੁਰੂਆਤ ਮੌਕੇ ਜਲੰਧਰ ਕਮੇਟੀ ਤੋਂ ਰਣਜੀਤ ਸਿੰਘ ਔਲਖ, ਕੌਮਾਗਾਟਾਮਾਰੂ ਕਮੇਟੀ ਵੱਲੋਂ ਕੁਲਦੀਪ ਸਿੰਘ ਐਡਵੋਕੇਟ ਤੇ ਉਜਾਗਰ ਸਿੰਘ ਬੱਦੋਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਤਨਾਮ ਸਿੰਘ ਮੋਰਕਰੀਮਾਂ, ਕਾਮਰੇਡ ਤਰਸੇਮ ਜੋਧਾਂ, ਸੀਤਲ ਸਿੰਘ ਸੰਘਾ, ਜਸਪ੍ਰੀਤ ਸਿੰਘ ਜੱਸੂ ਸਰਪੰਚ ਗ੍ਰਾਮ ਪੰਚਾਇਤ ਬੱਦੋਵਾਲ ਨੂੰ ਪ੍ਰਧਾਨਗੀ ਮੰਡਲ ਵਜੋਂ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਬੱਦੋਵਾਲ ਨੇ ਬਾਖੂਬੀ ਨਿਭਾਈ ਅਤੇ ਦੋ ਮਿੰਟ ਮੌਨ ਧਾਰ ਕੇ ਬਾਬਾ ਹਰੀ ਸਿੰਘ ਉਸਮਾਨ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਮਹਾਨ ਗਦਰੀ ਯੋਦੇ ਤੇ ਆਜ਼ਾਦ ਹਿੰਦ ਫੌਜ ਦੇ ਮਹਾਨ ਜਰਨੈਲ ਬਾਬਾ ਹਰੀ ਸਿੰਘ ਉਸਮਾਨ ਦੇ ਜੀਵਨ ਬਾਰੇ ਵਿਚਾਰੇ ਸਾਂਝੇ ਕੀਤੇ। ਇਸ ਮੌਕੇ ਡਾ. ਜਸਬੀਰ ਕੌਰ, ਪ੍ਰਕਾਸ਼ ਸਿੰਘ ਹਿੱਸੋਵਾਲ ਹਾਜ਼ਰ ਸਨ।