ਅਧਿਆਪਕ ਦਿਵਸ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ
ਮਾਛੀਵਾੜਾ (ਪੱਤਰ ਪ੍ਰੇਰਕ): ਬੀਤੇ ਦਿਨੀਂ ਸਾਹਨੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇੰਚਾਰਜ ਸਪਨਦੀਪ ਕੌਰ ਨੂੰ ਸਿੱਖਿਆ ਖੇਤਰ ’ਚ ਵਧੀਆ ਕਾਰਗੁਜ਼ਾਰੀ ਬਦਲੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਨਿਵਾਜਿਆ ਗਿਆ ਸੀ ਪਰ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਡੀਈਓ ਕੁਲਦੀਪ ਸੈਣੀ ਤੇ ਉਨ੍ਹਾਂ ਨਾਲ ਆਏ ਕਲਰਕ ਹਰਮਿੰਦਰ ਰੋਮੀ ਵੱਲੋਂ ਉਨ੍ਹਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਅਪਮਾਨਿਤ ਕੀਤਾ ਗਿਆ ਜਿਸ ਖਿਲਾਫ਼ ਜਾਂਚ ਕਰਨ ਦੀ ਮੰਗ ਕੀਤੀ ਗਈ। ਅੱਜ ਅਧਿਆਪਕ ਯੂਨੀਅਨਾਂ ਵੱਲੋਂ ਅਧਿਆਪਕ ਦਿਵਸ ਨੂੰ ਹੱਥਾਂ ’ਚ ਤਖਤੀਆਂ ਫੜ ਕੇ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ। ਜਥੇਬੰਦੀਆਂ ਨੇ ਤਾੜਨਾ ਕੀਤੀ ਕਿ ਜੇਕਰ 9 ਸਤੰਬਰ ਤੱਕ ਉੱਚ ਅਧਿਕਾਰੀਆਂ ਨੇ ਉਕਤ ਅਧਿਕਾਰੀਆਂ ਖਿਲਾਫ਼ ਕਾਰਵਾਈ ਅਮਲ ਵਿਚ ਨਾ ਲਿਆਂਦੀ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਮਾਛੀਵਾੜਾ ’ਚ ਰੋਸ ਜ਼ਾਹਰ ਕਰਦੇ ਹੋਏ ਅਧਿਆਪਕ।-ਫੋਟੋ:- ਟੱਕਰ