ਸੰਤੋਖ ਗਿੱਲ
ਗੁਰੂਸਰ ਸੁਧਾਰ, 24 ਅਕਤੂਬਰ
ਸੱਤਾਧਾਰੀ ਧਿਰ ਦੀ ਸਮਰਥਕ ਪਿੰਡ ਦਾਖਾ ਦੀ ਸਰਪੰਚ ਦੇ ਪਰਿਵਾਰਕ ਮੈਂਬਰਾਂ ਵੱਲੋਂ 17 ਅਕਤੂਬਰ ਨੂੰ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਇਆ ਦੰਗਾ ਪੀੜਤ ਬਜ਼ੁਰਗ ਜੋੜਾ ਡਰ ਅਤੇ ਭੈਅ ਦੇ ਸਾਏ ਹੇਠ ਜੀਵਨ ਬਤੀਤ ਕਰਨ ਲਈ ਮਜਬੂਰ ਹੈ। 74 ਸਾਲਾ ਅੰਮ੍ਰਿਤਧਾਰੀ ਬਜ਼ੁਰਗ ਖੇਮ ਸਿੰਘ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਬਾਹਰ ਸੜਕ ਕਿਨਾਰੇ ਧਰਤੀ ’ਤੇ ਲੇਟ ਕੇ ਨਿਆਂ ਲਈ ਦੁਹਾਈ ਦੇ ਰਿਹਾ ਹੈ ਪਰ ਪੁਲੀਸ ਅਧਿਕਾਰੀਆਂ ਨੂੰ ਬਜ਼ੁਰਗ ਜੋੜੇ ਦੀ ਫ਼ਰਿਆਦ 8 ਦਿਨ ਬਾਅਦ ਵੀ ਸੁਣਾਈ ਨਹੀਂ ਦਿੱਤੀ। ਖੇਮ ਸਿੰਘ ਅਤੇ ਉਸ ਦੀ 60 ਸਾਲਾ ਪਤਨੀ ਮਾਇਆ ਜਾਟ ਨੇ ਥਾਣੇ ਬਾਹਰ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅੱਜ ਥਾਣੇ ਬੁਲਾਇਆ ਗਿਆ ਸੀ ਪਰ ਪੁਲੀਸ ਨੇ ਬੇਰੰਗ ਹੀ ਵਾਪਸ ਮੋੜ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੀ ਸ਼ਹਿ ਕਾਰਨ ਮੁਲਜ਼ਮਾਂ ਵਿਰੁੱਧ ਪੁਲੀਸ ਕਾਰਵਾਈ ਲਈ ਤਿਆਰ ਨਹੀਂ ਹੈ। ਉਨ੍ਹਾਂ ਇਹ ਵੀ ਗਿਲਾ ਕੀਤਾ ਕਿ ਕਿਸੇ ਧਾਰਮਿਕ ਜਾਂ ਸਿਆਸੀ ਧਿਰ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਕੇਸਾਂ ਅਤੇ ਕਕਾਰਾਂ ਦੀ ਬੇਹੁਰਮਤੀ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਧਿਆਨ ’ਚ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਵੀ ਪਿਛਾਂਹ ਹਟ ਗਏ ਹਨ। ਬਜ਼ੁਰਗ ਜੋੜੇ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਇਨਸਾਫ਼ ਦੀ ਉਮੀਦ ਮੁੱਕ ਗਈ ਹੈ, ਲਗਾਤਾਰ ਧਮਕੀਆਂ ਮਿਲਣ ਦੇ ਬਾਵਜੂਦ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਬਜ਼ੁਰਗ ਜੋੜੇ ਨੇ ਕਿਹਾ ਕਿ 22 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਹੋਣ ਬਾਅਦ ਉਹ ਘਰ ਵਿਚ ਕੈਦ ਹਨ। ਸੱਤਾਧਾਰੀਆਂ ਦੀ ਦਹਿਸ਼ਤ ਕਾਰਨ ਪਿੰਡ ਵਾਸੀ ਵੀ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।
ਇਸ ਸਬੰਧੀ ਥਾਣਾ ਦਾਖਾ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਜਤਿੰਦਰ ਸਿੰਘ ਨੂੰ ਬੁੱਧਵਾਰ ਥਾਣੇ ਬੁਲਾਇਆ ਸੀ, ਉਨ੍ਹਾਂ ਕਿਹਾ ਕਿ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ।