ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਥਾਣਾ ਕੂੰਮਕਲਾਂ ਦੇ ਇਲਾਕੇ ਅੱਡਾ ਪਿੰਡ ਭਮਾਂ ਕਲਾਂ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਬਜ਼ੁਰਗ ਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪਿੰਡ ਪ੍ਰਿਥੀਪੁਰ ਵਾਸੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਗੁਰਮੀਤ ਸਿੰਘ (60) ਸਾਈਕਲ ’ਤੇ ਘਰੋਂ ਕੰਮ ਲਈ ਗਏ ਸਨ। ਉਹ ਜਦੋਂ ਹਾੜੀਆਂ ਤੋਂ ਕੋਹਾੜਾ ਸਾਈਡ ਵੱਲ ਜਾ ਰਹੇ ਸਨ ਤਾਂ ਬੱਸ ਅੱਡਾ ਪਿੰਡ ਭਮਾਂ ਕਲਾਂ ਨੇੜੇ ਆਰਤੀ ਫੈਕਟਰੀ ਪਾਸ ਕਿਸੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਉਨ੍ਹਾਂ ਦੇ ਸਾਈਕਲ ਨੂੰ ਫੇਟ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ ਤੇ ਹਸਪਤਾਲ ਲਿਜਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਵਾਹਨ ਚਾਲਕ ਸਮੇਤ ਵਾਹਨ ਫ਼ਰਾਰ ਹੋ ਗਿਆ। ਥਾਣੇਦਾਰ ਜਗਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।