ਗਗਨਦੀਪ ਅਰੋੜਾ
ਲੁਧਿਆਣਾ, 15 ਜੂਨ
ਲੁਧਿਆਣਾ ਦੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਅੱਜ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਬਜ਼ੁਰਗ ਨੇ ਆਪਣੇ ਸਾਥੀ ਰਿਸ਼ਤੇਦਾਰ ਦੇ ਨਾਲ ਮਿਲ ਕੇ ਕਮਿਸ਼ਨਰ ਦਫ਼ਤਰ ਦੇ ਬਾਹਰ ਆਪਣੇ ਕੱਪੜੇ ਉਤਾਰ ਥਾਣਾ ਡਾਬਾ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ।
ਬਜ਼ੁਰਗ ਨੇ ਦੋਸ਼ ਲਾਇਆ ਕਿ ਦੋ ਦਿਨ ਤੋਂ ਉਸ ਦਾ ਲੜਕਾ ਲਾਪਤਾ ਹੈ ਤੇ ਥਾਣੇ ’ਚ ਸ਼ਿਕਾਇਤ ਕਰਨ ਲਈ ਜਦੋਂ ਉਹ ਗਏ ਤਾਂ ਥਾਣੇ ਦਾ ਮੁਨਸ਼ੀ ਮੰਜੀ ’ਤੇ ਪਿਆ ਹੋਇਆ ਸੀ ਤੇ ਉਥੇ ਹੀ ਸਵਾਲ ਜਵਾਬ ਕਰਨ ਲੱਗਦਾ ਹੈ। ਉਥੇ ਉਨ੍ਹਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਬੁਰਾ ਵਿਹਾਰ ਕਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਲੜਕੇ ਨੂੰ ਕਿਸੇ ਨੇ ਪੈਸਿਆਂ ਲਈ ਅਗਵਾ ਕੀਤਾ ਹੈ, ਕਿਉਂਕਿ ਉਨ੍ਹਾਂ ਦਾ ਲੜਕਾ ਰਿਕਵਰੀ ਏਜੰਸੀ ’ਚ ਕੰਮ ਕਰਦਾ ਹੈ ਤੇ ਰੋਜ਼ਾਨਾ ਉਨ੍ਹਾਂ ਕੋਲ ਕਾਫ਼ੀ ਪੈਸੇ ਹੁੰਦੇ ਹਨ।
ਬਜ਼ੁਰਗ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਖੁਦ ਬਾਹਰ ਆਏ ਅਤੇ ਉਨ੍ਹਾਂ ਬਜ਼ੁਰਗ ਨੂੰ ਸਮਝਾ ਕੇ ਅੰਦਰ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਜਲਦੀ ਇਸ ਮਾਮਲੇ ’ਚ ਕਾਰਵਾਈ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਡਾਬਾ ਦੇ ਬਰੋਟਾ ਰੋਡ ਸਥਿਤ ਆਜ਼ਾਦ ਨਗਰ ਦੀ ਗਲੀ ਨੰ. 15 ’ਚ ਰਹਿਣ ਵਾਲੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੰਨੀ ਰੁਮਾਣਾ ਇੱਕ ਰਿਕਵਰੀ ਏਜੰਸੀ ’ਚ ਕੰਮ ਕਰਦਾ ਹੈ। ਉਹ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਦਫ਼ਤਰ ਰੋਜ਼ਾਨਾ ਜਮ੍ਹਾਂ ਕਰਵਾਉਂਦਾ ਹੈ। ਦੋ ਦਿਨ ਪਹਿਲਾਂ ਉਹ ਆਪਣੇ ਮੋਟਰਸਾਈਕਲ ’ਤੇ ਪੈਸੇ ਇਕੱਠੇ ਕਰਨ ਲਈ ਗਿਆ ਸੀ। ਉਹ ਕਰੀਬ 1 ਲੱਖ ਰੁਪਏ ਤੋਂ ਉਪਰ ਰੋਜ਼ਾਨਾ ਦੀ ਰਿਕਵਰੀ ਕਰਦਾ ਸੀ। 13 ਜੂਨ ਨੂੰ ਉਹ ਪੈਸੇ ਇਕੱਠੇ ਕਰਨ ਲਈ ਗਿਆ ਸੀ, ਪਰ ਵਾਪਸ ਨਹੀਂ ਆਇਆ। ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਕਿਸੇ ਨੇ ਪੈਸਿਆਂ ਲਈ ਅਗਵਾ ਕੀਤਾ ਹੋਇਆ ਹੈ। ਨਾ ਤਾਂ ਲੜਕੇ ਦਾ ਪਤਾ ਹੈ ਤੇ ਨਾ ਹੀ ਉਸ ਨਾਲ ਸੰਪਰਕ ਹੋ ਰਿਹਾ ਹੈ। ਉਹ ਲੜਕੇ ਨੂੰ ਕਾਫ਼ੀ ਜਗ੍ਹਾ ’ਤੇ ਲੱਭ ਚੁੱਕੇ ਹਨ। ਕਈ ਜਗ੍ਹਾ ਤੋਂ ਪੁੱਛ ਪੜਤਾਲ ਵੀ ਕੀਤੀ ਹੈ। ਮਹਿੰਦਰ ਨੇ ਦੋਸ਼ ਲਾਇਆ ਕਿ ਮਾਮਲੇ ਦੀ ਜਾਂਚ ਲਈ ਥਾਣਾ ਡਾਬਾ ਜਦੋਂ ਉਹ ਗਏ ਤਾਂ ਮੁਨਸ਼ੀ ਨੇ ਕੋਈ ਗੱਲ ਨਹੀਂ ਸੁਣੀ। ਚਾਰਪਾਈ ’ਤੇ ਲੇਟ ਕੇ ਖੁਦ ਹੀ ਸਵਾਲ ਕਰਦਾ ਰਿਹਾ। ਉਸ ਦੇ ਨਾਲ ਬੁਰਾ ਵਿਵਹਾਰ ਕਰ ਵਾਪਸ ਭੇਜ ਦਿੱਤਾ ਗਿਆ। ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਹ ਪੁਲੀਸ ਕਮਿਸ਼ਨਰ ਨੂੰ ਮਿਲਣ ਲਈ ਆਇਆ ਤਾਂ ਉਥੇਂ ਵੀ ਕਰਮੀਆਂ ਨੇ ਬਾਹਰ ਬਿਠਾ ਦਿੱਤਾ। ਕੋਈ ਸੁਣਵਾਈ ਨਾ ਹੋਣ ’ਤੇ ਉਸਨੇ ਧਰਨਾ ਲਾਇਆ ਹੈ ਅਤੇ ਅੱਧ ਨੰਗੀ ਹਾਲਤ ’ਚ ਧਰਨਾ ਦੇਣ ਨੂੰ ਮਜ਼ਬੂਰ ਹੈ ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਨੂੰ ਇਸ ਬਾਰੇ ’ਚ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਜ਼ੁਰਗ ਨੂੰ ਸ਼ਾਂਤ ਕਰਵਾਇਆ ਤੇ ਦਫ਼ਤਰ ’ਚ ਬੁਲਾ ਕੇ ਸਾਰੀ ਗੱਲ ਸੁਣੀ ਤੇ ਕਾਰਵਾਈ ਦਾ ਭਰੋਸਾ ਦਿੱਤਾ।