ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੀਏਯੂ ਦੇ ਪਿੰਡ ਬੀਰਮੀ ਇਲਾਕੇ ਵਿੱਚ ਦੋ ਪਰਿਵਾਰਾਂ ਵਿੱਚ ਲੜਾਈ ਦੌਰਾਨ ਇੱਕ ਬਜ਼ੁਰਗ ਦੀ ਭੇਤ-ਭਰੀ ਹਾਲਾਤ ਵਿੱਚ ਮੌਤ ਹੋ ਗਈ ਹੈ। ਬਜ਼ੁਰਗ ਦੀ ਪਛਾਣ ਰਾਮਲੋਕ ਵਜੋਂ ਹੋਈ ਹੈ। ਰਾਮ ਲੋਕ ਦੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕਰਕੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਜਾਂਚ ਅਧਿਕਾਰੀ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਰਾਮਲੋਕ ਬਜ਼ੁਰਗ ਸੀ ਤੇ ਉਸ ਕੋਲੋਂ ਕੋਈ ਕੰਮ ਨਹੀਂ ਹੁੰਦਾ ਸੀ, ਜਿਸ ਕਾਰਨ ਉਹ ਘਰ ਵਿੱਚ ਹੀ ਰਹਿੰਦਾ ਸੀ। ਸ਼ੁੱਕਰਵਾਰ ਦੀ ਸਵੇਰੇ ਉਸ ਦੇ ਪਰਿਵਾਰ ਦੀ ਗੁਆਂਢੀਆਂ ਨਾਲ ਕਿਸੇ ਗੱਲ ਤੋਂ ਬਹਿਸ ਹੋਈ ਸੀ। ਦੋਵੇਂ ਪਰਿਵਾਰਾਂ ’ਚ ਕਾਫ਼ੀ ਦੇਰ ਤੱਕ ਬਹਿਸ ਹੋਈ ਤੇ ਕੁੱਟਮਾਰ ਵੀ ਹੋਈ। ਇਸੇ ਦੌਰਾਨ ਰਾਮਲੋਕ ਵਿੱਚ ਬਚਾਅ ਦੀ ਕੋਸ਼ਿਸ਼ ਕਰਨ ਗਿਆ ਤਾਂ ਉਸ ਦੀ ਉੱਥੇ ਕੁਝ ਸਮੇਂ ਬਾਅਦ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।