ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਸਤੰਬਰ
ਬਲਾਕ ਸਮਿਤੀ ਮਾਛੀਵਾੜਾ ਦੀ ਚੇਅਰਪਰਸਨ ਦੀ ਚੋਣ ਅੱਜ ਪੰਚਾਇਤ ਦਫ਼ਤਰ ਵਿਚ ਐੱਸਡੀਐੱਮ ਕੁਲਦੀਪ ਸਿੰਘ ਬਾਵਾ ਦੀ ਨਿਗਰਾਨੀ ਹੇਠ ਹੋਈ। ਇਸ ਵਿਚ 16 ’ਚੋਂ 11 ਮੈਂਬਰਾਂ ਨੇ ਸ਼ਮੂਲੀਅਤ ਕਰ ਕੇ ਸਰਬਸੰਮਤੀ ਤੇ ਬਹੁਮਤ ਨਾਲ ਸਿਮਰਨਦੀਪ ਕੌਰ ਮਾਨ ਨੂੰ ਚੇਅਰਪਰਸਨ ਚੁਣ ਲਿਆ। ਮਾਛੀਵਾੜਾ ਬਲਾਕ ਸਮਿਤੀ ਦੇ ਕੁੱਲ 16 ਮੈਂਬਰ ਹਨ। ਇਨ੍ਹਾਂ ਵਿਚੋਂ ਕਾਂਗਰਸ ਦੇ 3 ਅਤੇ ਦੋ ਅਕਾਲੀ ਦਲ ਦੇ ਮੈਂਬਰ ਚੋਣ ਪ੍ਰਕਿਰਿਆ ’ਚ ਸ਼ਾਮਲ ਨਹੀਂ ਹੋਏ। ਮੀਟਿੰਗ ਵਿਚ ਬਲਾਕ ਸਮਿਤੀ ਮੈਂਬਰ ਹੁਸਨ ਲਾਲ ਮੜਕਨ ਨੇ ਚੇਅਰਪਰਸਨ ਲਈ ਸਿਮਰਨਦੀਪ ਕੌਰ ਦਾ ਨਾਂ ਪੇਸ਼ ਕੀਤਾ ਜਿਸ ’ਤੇ ਬਾਕੀ ਮੈਂਬਰਾਂ ਨੇ ਸਹਿਮਤੀ ਪ੍ਰਗਟਾ ਦਿੱਤੀ।
ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਨੇ ਇੱਕਜੁਟਤਾ ਪ੍ਰਗਟਾਉਂਦੇ ਹੋਏ ਆਪਣੀ ਨਵੀਂ ਚੇਅਰਪਰਸਨ ਦੀ ਚੋਣ ਕੀਤੀ ਹੈ ਅਤੇ ਜਲਦ ਹੀ ਉਪ ਚੇਅਰਮੈਨ ਦੀ ਚੋਣ ਵੀ ਕੀਤੀ ਜਾਵੇਗੀ। ਸ੍ਰੀ ਗਿੱਲ ਨੇ ਕਿਹਾ ਕਿ ਕਾਂਗਰਸ ’ਚ ਅਨੁਸਾਸ਼ਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਜ ਤਿੰਨ ਕਾਂਗਰਸੀ ਮੈਂਬਰਾਂ ਨੇ ਜੋ ਵਿਰੋਧੀ ਗਤੀਵਿਧੀ ਦਿਖਾਈ ਹੈ ਉਸ ਦੀ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ।