ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਪੰਥਕ ਜਥੇਬੰਦੀਆਂ ਦੇ ਸਾਂਝੇ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ ਨੇ ਆਪਣਾ ਚੋਣ ਏਜੰਡਾ ਜਾਰੀ ਕਰਦਿਆਂ ਦਹਾਕਿਆਂ ਤੋਂ ਪੰਜਾਬ ਦੀ ਧਰਤੀ ’ਤੇ ਚੱਲ ਰਹੇ ਨਸ਼ਿਆਂ, ਲੱਚਰਤਾ ਅਤੇ ਫ਼ਿਰੌਤੀਆਂ ਦੇ ਖ਼ਾਤਮੇ ਦੇ ਨਾਲ-ਨਾਲ ਵੱਧ ਰਹੀਆਂ ਬੇਅਦਬੀਆਂ, ਪਾਣੀਆਂ ਦੇ ਲਟਕਦੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮਸਲਿਆਂ ਦੇ ਹੱਲ ਲਈ ਵਾਹ ਲਗਾਉਣ ਦਾ ਅਹਿਦ ਕੀਤਾ ਹੈ। ਅੱਜ ਇੱਥੇ ਆਪਣਾ ਚੋਣ ਏਜੰਡਾ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਫ਼ਸੋਸ ਹੈ ਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਇਨ੍ਹਾਂ ਚੁਣੌਤੀਆਂ ਦੇ ਮੁਕਾਬਲੇ ਲਈ ਕਦੀ ਵੀ ਕਿਸੇ ਵੀ ਪਲੇਟਫਾਰਮ ’ਤੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ’ਚ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾ ਕੇ ਸਜ਼ਾਵਾਂ ਦਿਵਾਉਣ, ਪੰਜਾਬ ਦੀ ਧਰਤੀ ਹੇਠਲੇ ਦਰਿਆਈ ਪਾਣੀਆਂ ਦੀ ਸਾਂਭ ਸੰਭਾਲ ਅਤੇ ਯੋਗ ਵਰਤੋਂ ਲਈ ਨਵੇਂ ਫ਼ੈਸਲੇ ਕਰਨ, ਪੰਜਾਬ ਵੱਲ ਅਤੇ ਪੰਜਾਬ ਤੋਂ ਹੁੰਦੇ ਪ੍ਰਵਾਸ ਦੀ ਰੋਕਥਾਮ ਲਈ ਕੰਮ ਕਰਨ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਪੰਥ ਪੱਖੀ ਉਮੀਦਵਾਰ ਨੂੰ ਆਪਣੀ ਵੋਟ ਪਾ ਕੇ ਕਾਮਯਾਬ ਕਰਨ।