ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਜਨਵਰੀ
ਪਿੰਡ ਬੁਢੇਲ (ਭੋਰਾ ਸਾਹਿਬ) ਵਿਚ ਸਰਵਿੰਦਰ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿਚ ਇਕਾਈ ਦੀ ਚੋਣ ਕੀਤੀ ਗਈ। ਇਸ ਵਿਚ ਗੁਰਮੇਲ ਸਿੰਘ ਅਕਾਲਗੜ੍ਹ ਮੀਤ ਪ੍ਰਧਾਨ, ਗੁਰਭਗਵੰਤ ਸਿੰਘ ਸਕੱਤਰ, ਭੁਪਿੰਦਰ ਸਿੰਘ ਸੁਧਾਰ ਸਹਾਇਕ ਸਕੱਤਰ ਅਤੇ ਸੁਖਵਿੰਦਰ ਸਿੰਘ ਖ਼ਜ਼ਾਨਚੀ ਚੁਣੇ ਗਏ।
ਇਸ ਮੌਕੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਆਗੂ ਜਸਦੇਵ ਸਿੰਘ ਲਲਤੋਂ, ਸਰਵਿੰਦਰ ਅਤੇ ਗੁਰਮੇਲ ਸਿੰਘ ਨੇ ਜਥੇਬੰਦੀ ਇਤਿਹਾਸ, ਲੋਕ-ਪੱਖੀ ਸੰਘਰਸ਼ਾਂ ਅਤੇ ਪ੍ਰਾਪਤੀਆਂ ਤੋਂ ਇਲਾਵਾ ਚੌਕੀਮਾਨ ਟੌਲ ਪਲਾਜ਼ਾ ਉੱਪਰ ਕਿਸਾਨ ਮੋਰਚੇ ਦੌਰਾਨ ਲੰਗਰ ਸੇਵਾ ਦਾ ਜ਼ਿਕਰ ਕੀਤਾ। ਆਗੂਆਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਥੇਬੰਦੀ ਕਿਸੇ ਤਰ੍ਹਾਂ ਵੀ ਭਾਗ ਨਹੀਂ ਲਵੇਗੀ ਅਤੇ ਨਾ ਹੀ ਕਿਸੇ ਨਵੀਂ ਜਾਂ ਪੁਰਾਣੀ ਰਵਾਇਤੀ ਪਾਰਟੀ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਦਿੱਲੀ) ਅਤੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੀ ਹਦਾਇਤ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਹਿੱਤਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।